2 ਮੋਟਰਸਾਈਕਲ, ਸਿਲੰਡਰ ਅਤੇ ਸੋਨੇ-ਚਾਂਦੀ ਦੇ ਗਹਿਣੇ ਬਰਾਮਦ
ਲਹਿਰਾਗਾਗਾ : ਐੱਸ. ਐੱਸ. ਪੀ. ਸੰਗਰੂਰ ਸਰਤਾਜ ਸਿੰਘ ਚਹਿਲ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਲਹਿਰਾ ਪੁਲਸ ਨੇ ਪੰਜਾਬ ਅਤੇ ਹਰਿਆਣਾ ’ਚ ਚੋਰੀ ਕਰਨ ਵਾਲੇ ਇਕ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਡੀ. ਐੱਸ. ਪੀ. ਲਹਿਰਾ ਦੀਪਇੰਦਰ ਸਿੰਘ ਜੇਜੀ ਨੇ ਦੱਸਿਆ ਕਿ ਜ਼ਿਲਾ ਸੰਗਰੂਰ ਅਤੇ ਨਾਲ ਲੱਗਦੇ ਹਰਿਆਣਾ ਸੂਬੇ ਦੇ ਕਈ ਪਿੰਡਾਂ ’ਚ ਕਰੀਬ ਪਿਛਲੇ 1 ਸਾਲ ਤੋਂ ਕੀਤੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਚੋਰੀ ਸਮੇਂ ਵਰਤੇ ਜਾਂਦੇ 2 ਮੋਟਰਸਾਈਕਲ ਅਤੇ ਚੋਰੀ ਕੀਤੇ ਸੋਨੇ ਦੇ ਗਹਿਣੇ ਆਦਿ ਸਮੇਤ ਗ੍ਰਿਫਤਾਰ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਕਿ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਮੈਂਬਰ ਅੱਜ ਲਹਿਰਾ ਦੇ ਏਰੀਆ ਆਉਣ ਵਾਲੀ ਰਾਤ ਸਮੇਂ ਚੋਰੀ ਕਰਨ ਲਈ ਰੈਕੀ ਕਰਨ ਆਉਣਗੇ, ਜਿਸ ਸਬੰਧੀ ਉਚ ਅਫਸਰਾਂ ਦੇ ਧਿਆਨ ’ਚ ਲਿਆਉਣ ਉਪਰੰਤ ਉਨ੍ਹਾਂ ਦੀਆਂ ਹਦਾਇਤਾਂ ਅਨੁਸਾਰ ਜ਼ਿਲਾ ਸੰਗਰੂਰ ’ਚ ਮਲਟੀਪਲ ਪੈਟਰੋਲਿੰਗ ਪਾਰਟੀਜ਼ ਅਤੇ ਨਾਕਾ ਟੀਮਾਂ ਬਣਾ ਕੇ ਦੋਸ਼ੀਆਂ ਨੂੰ ਕਾਬੂ ਕਰਨ ਦੀ ਵਿਊਂਤਬੰਦੀ ਬਣਾਈ ਗਈ।
ਫਿਰ ਉਸ ਸਮੇਂ ਜ਼ਿਲਾ ਪੁਲਸ ਸੰਗਰੂਰ ਨੂੰ ਵੱਡੀ ਸਫਲਤਾ ਮਿਲੀ ਜਦੋਂ ਸੰਗਰੂਰ ਪੁਲਸ ਵੱਲੋਂ ਨਾਕੇਬੰਦੀ ਦੌਰਾਨ 3 ਸ਼ੱਕੀ ਵਿਅਕਤੀਆਂ ਸੰਤੋਖ ਨਾਥ ਪੁੱਤਰ ਬਲਵਿੰਦਰ ਸਿੰਘ, ਬਿੰਦਰ ਨਾਥ ਪੁੱਤਰ ਬਿੱਟੂ ਨਾਥ ਅਤੇ ਚਰਨ ਦਾਸ ਉਰਫ ਅੰਗਰੇਜ਼ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀਆਨ ਲਹਿਰਾ ਨੂੰ ਚੈਕਿੰਗ ਲਈ ਰੋਕਿਆ ਗਿਆ, ਜਿਨ੍ਹਾਂ ਨੂੰ ਸ਼ੱਕ ਦੇ ਆਧਾਰ ’ਤੇ ਪੁੱਛਗਿੱਛ ਲਈ ਥਾਣਾ ਲਹਿਰਾ ਲਿਆਂਦਾ ਗਿਆ। ਇਸ ਦੌਰਾਨ ਪੁੱਛਗਿੱਛ’ ’ਚ ਉਕਤ ਚੋਰੀਆਂ ਨੂੰ ਅੰਜਾਮ ਦੇਣ ਬਾਰੇ ਮੰਨਿਆ ਅਤੇ ਉਨ੍ਹਾਂ ਤੋਂ 1 ਜੋੜਾ ਟੋਪਸ, ਬਿੰਦਰ 1 ਜੋੜਾ ਚਾਂਦੀ ਦੇ ਕੰਗਣ ਅਤੇ 1 ਚੈਨੀ ਸੋਨਾ ਬਰਾਮਦ ਕਰਵਾਏ ਗਏ।
ਇਨ੍ਹਾਂ ਦੋਸ਼ੀਆਨ ਦੀ ਪੁੱਛ-ਗਿੱਛ ਦੇ ਆਧਾਰ ’ਤੇ ਉਕਤ ਮੁਕੱਦਮੇ ’ਚ ਦੋਸ਼ੀਆਨ ਨਵਾਬ ਖਾਨ ਪੁੱਤਰ ਫੌਜੀ ਨਾਥ, ਸਕੀਨ ਨਾਥ ਪੁੱਤਰ ਸਿਆਮ ਨਾਥ ਵਾਸੀ ਲਹਿਰਾ, ਮੱਖਣ ਨਾਥ ਉਰਫ ਮੱਖਣੀ ਪੁੱਤਰ ਡਾਕੀਆ ਨਾਥ ਵਾਸੀ ਸੁਨਾਮ ਅਤੇ ਗੁਲਜ਼ਾਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਜਾਖਲ (ਹਰਿਆਣਾ) ਨਾਮਜ਼ਦ ਕਰ ਕੇ ਗ੍ਰਿਫਤਾਰ ਕੀਤਾ ਗਿਆ ਅਤੇ ਇਨ੍ਹਾਂ ਤੋਂ ਜਾਂਚ ਦੌਰਾਨ 2 ਚਾਂਦੀ ਦੇ ਸਿੱਕੇ, 1 ਚਾਂਦੀ ਦਾ ਗੁੱਤ ਪਰਾਂਦਾ, 2 ਚਾਂਦੀਆਂ ਦੀਆਂ ਅੰਗੂਠੀਆਂ, 1 ਚਾਂਦੀ ਦਾ ਗਣੇਸ਼ ਲੋਕਟ, 1 ਚਾਂਦੀ ਦੀ ਜੋਤ, 1 ਮੋਟਰਸਾਇਕਲ, 1 ਸੋਨੇ ਦੀ ਅੰਗੂਠੀ, 1 ਜੋੜਾ ਸੋਨੇ ਦੀਆਂ ਨੱਤੀਆਂ, 1 ਅੰਗੂਠੀ ਸੋਨਾ, 1 ਮੋਟਰਸਾਈਕਲ ਨੰਬਰ ਪੀ. ਬੀ. 13 ਏ. ਸੀ. 8238, 1 ਗੈਸ ਸਿਲੰਡਰ, 1 ਇਨਵਰਟਰ ਬੈਟਰਾ ਅਤੇ 1 ਅੰਗੂਠੀ ਸੋਨਾ ਬਰਾਮਦ ਕਰਵਾਏ ਗਏ। ਡੀ. ਐੱਸ. ਪੀ. ਲਹਿਰਾ ਨੇ ਦੱਸਿਆ ਕਿ ਇਸ ਗਿਰੋਹ ਦੇ ਕਈ ਮੈਂਬਰਾਂ ਖਿਲਾਫ ਚੋਰੀ ਦੀਆਂ ਵਾਰਦਾਤਾਂ ਕਰਨ ਸਬੰਧੀ ਮਾਮਲੇ ਦਰਜ ਹਨ।