ਐੱਸ. ਆਈ. ਟੀ. ਮੇਰੇ ਖਿਲਾਫ ਵਿੱਢੀ ਜਾਂਚ ਨੂੰ ਪੁੂਰਾ ਕਰੇ : ਮਜੀਠੀਆ
ਪਟਿਆਲਾ : ਬਹੁਕਰੋਡ਼ੀ ਡਰੱਗ ਰੈਕਟ ਮਾਮਲੇ ਵਿਚ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਬਿਕਰਮ ਸਿੰਘ ਮਜੀਠੀਆ ਤੋਂ ਦੂਜੇ ਦਿਨ ਵੀ ਲਗਤਾਰ 8 ਘੰਟੇ ਪੁੱਛਗਿੱਛ ਕੀਤੀ। ਅੱਜ ਵੀ 11.00 ਵਜੇ ਮਜੀਠੀਆ ਪੁਲਸ ਲਾਈਨ ਵਿਖੇ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਦੀ ਅਗਵਾਈ ਵਾਲੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਸਾਹਮਣੇ ਪੇਸ਼ ਹੋਏ ਅਤੇ ਸ਼ਾਮ ਨੂੰ ਸਾਢੇ 6 ਵਜੇ ਬਾਹਰ ਆਏ।
ਇਸ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਐੱਸ. ਆਈ. ਟੀ. ਨੂੰ ਕਿਹਾ ਕਿ ਉਹ ਮਾਣਯੋਗ ਅਦਾਲਤ ਦੇ ਹੁਕਮਾਂ ’ਤੇ ਜਾਂਚ ਨੂੰ ਪੁੂਰਾ ਕਰਨ ਅਤੇ ਜਾਂ ਫੇਰ ਇਸ ਮਾਮਲੇ ਵਿਚ ਕਲੋਜਰ ਰਿਪੋਰਟ ਦਾਇਰ ਕਰਨ ਜਾਂ ਫੇਰ ਚਲਾਨ ਪੇਸ਼ ਕਰਨ ਪਰ ਐੱਸ. ਆਈ. ਟੀ. ਵੱਲੋਂ ਮਾਮਲੇ ਵਿਚ ਜਾਣਬੁਝ ਕੇ ਦੇਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਐੱਸ. ਆਈ. ਟੀ. ਵੱਲੋਂ ਮਾਮਲੇ ਨੂੰ ਮੈਨੂੰ ਜਾਣਬੁਝ ਕੇ ਪ੍ਰੇਸ਼ਾਨ ਕਰਨ ਲਈ ਅੱਗੇ ਵਧਾਇਆ ਜਾ ਰਿਹਾ ਹੈ।
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਸਪੱਸ਼ਟ ਨਿਰਦੇਸ਼ ਹਨ ਕਿ ਇਸ ਮਾਮਲੇ ਦੀ ਜਾਂਚ ਪੁੂਰੀ ਕੀਤੀ ਜਾਵੇ ਅਤੇ ਮਾਣਯੋਗ ਅਦਾਲਤ ਦੇ ਨਿਰਦੇਸਾਂ ’ਤੇ ਹੀ ਉਹ ਐੱਸ. ਆਈ. ਟੀ. ਅੱਗੇ ਪੇਸ਼ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਚੌਥੀ ਐੱਸ. ਆਈ. ਟੀ. ਬਣੀ ਹੈ ਅਤੇ ਉਹ ਸਾਲ 2022 ਤੋਂ ਪੇਸ਼ ਹੋ ਰਹੇ ਹਨ। ਉਨ੍ਹਾਂ ਵੱਲੋਂ ਹਰ ਜਵਾਬ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਮਾਣਯੋਗ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਕਿ ਇਸ ਕੇਸ ਦੀ ਜਾਂਚ ਪੁਰੀ ਕਰ ਕੇ ਚਲਾਨ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਇਸ ਮੌਕੇ ਗੁਰਪ੍ਰੀਤ ਸਿੰਘ ਰਾਜੂ ਖੰਨਾ, ਐਡਵੋਕੇਟ ਰਾਕੇਸ਼ ਪਰਾਸਰ, ਅਕਾਸ਼ ਬੋਕਸਰ, ਹਰਜੀਤ ਸਿੰਘ ਜੀਤੀ, ਅਨੂੰ, ਰਾਜਵੀਰ ਅਤੇ ਹੋਰ ਵੀ ਹਾਜ਼ਰ ਸਨ।
