ਤਾਲਿਬਾਨ ਨੂੰ ਅੱਤਵਾਦੀ ਸਮੂਹਾਂ ਦੀ ਆਪਣੀ ਸੂਚੀ ’ਚੋਂ ਵੀ ਕੱਢਿਆ ਬਾਹਰ
Russia news : ਰੂਸ ਨੇ ਤਾਲਿਬਾਨ ਨੂੰ ਅੱਤਵਾਦੀ ਸਮੂਹਾਂ ਦੀ ਆਪਣੀ ਸੂਚੀ ’ਚੋਂ ਹਟਾ ਦਿੱਤਾ ਹੈ। ਇਸ ਦੇ ਨਾਲ ਹੀ ਰੂਸ ਵੱਲੋਂ 2003 ’ਚ ਤਾਲਿਬਾਨ ’ਤੇ ਲਗਾਈ ਗਈ ਪਾਬੰਦੀ ਵੀ ਹਟਾ ਦਿੱਤੀ ਗਈ ਹੈ। ਇਸ ਤਹਿਤ ਤਾਲਿਬਾਨ ਨਾਲ ਕੰਮ ਕਰਨ ਵਾਲੇ ਕਿਸੇ ਵੀ ਵਿਅਕਤੀ ਜਾਂ ਸੰਗਠਨ ਨੂੰ ਰੂਸੀ ਕਾਨੂੰਨ ਤਹਿਤ ਸਜ਼ਾ ਦਿੱਤੀ ਜਾ ਸਕਦੀ ਹੈ।
ਤਾਲਿਬਾਨ, ਜੋ ਅਫ਼ਗ਼ਾਨਿਸਤਾਨ ’ਚ ਆਪਣੀ ਸਰਕਾਰ ਨੂੰ ਮਾਨਤਾ ਦਿਵਾਉਣ ਜਾਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਨਾਲ ਕੂਟਨੀਤਕ ਸਬੰਧ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਨੂੰ ਇੱਕ ਵੱਡੀ ਜਿੱਤ ਮਿਲੀ ਹੈ। ਰੂਸੀ ਸੁਪਰੀਮ ਕੋਰਟ ਨੇ ਦੋ ਦਹਾਕੇ ਪਹਿਲਾਂ ਤਾਲਿਬਾਨ ’ਤੇ ਲਗਾਈ ਗਈ ਪਾਬੰਦੀ ਨੂੰ ਵੀ ਰੱਦ ਕਰ ਦਿੱਤਾ ਹੈ। ਅਦਾਲਤ ਦਾ ਇਹ ਕਦਮ ਮਾਸਕੋ ਅਤੇ ਤਾਲਿਬਾਨ ਸਮੂਹ ਵਿਚਕਾਰ ਵਧਦੇ ਸਬੰਧਾਂ ਨੂੰ ਦਰਸਾਉਂਦਾ ਹੈ, ਜੋ ਅਫ਼ਗ਼ਾਨਿਸਤਾਨ ’ਚ ਸਵੈ-ਘੋਸ਼ਿਤ ਸਰਕਾਰ ਚਲਾਉਂਦਾ ਹੈ।
ਰੂਸੀ ਸਰਕਾਰੀ ਏਜੰਸੀ ਅਨੁਸਾਰ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਅਫ਼ਗ਼ਾਨ ਤਾਲਿਬਾਨ ਤੋਂ ਪਾਬੰਦੀ ਹਟਾ ਦਿੱਤੀ ਗਈ ਹੈ ਅਤੇ ਤਾਲਿਬਾਨ ਨੂੰ ਅੱਤਵਾਦੀ ਸੂਚੀ ’ਚੋਂ ਵੀ ਹਟਾ ਦਿੱਤਾ ਗਿਆ ਹੈ। ਰੂਸ ’ਚ ਅਦਾਲਤ ਕੋਲ ਇਹ ਸ਼ਕਤੀ ਹੈ ਕਿ ਉਹ ਚਾਹੇ ਤਾਂ ਕਿਸੇ ਵੀ ਅੱਤਵਾਦੀ ਸਮੂਹ ਤੋਂ ਇਹ ਟੈਗ ਹਟਾ ਸਕਦੀ ਹੈ।
ਦਰਅਸਲ ਇਕ ਸਾਲ ਪਹਿਲਾਂ ਰੂਸ ’ਚ ਇਕ ਕਾਨੂੰਨ ਬਣਾਇਆ ਗਿਆ ਸੀ, ਜਿਸ ’ਚ ਕਿਹਾ ਗਿਆ ਸੀ ਕਿ ਜੇਕਰ ਅਦਾਲਤ ਚਾਹੇ ਤਾਂ ਉਹ ਕਿਸੇ ਵੀ ਅੱਤਵਾਦੀ ਸੰਗਠਨ ਨੂੰ ਅੱਤਵਾਦੀ ਸਮੂਹਾਂ ਦੀ ਸੂਚੀ ’ਚੋਂ ਹਟਾ ਸਕਦੀ ਹੈ। ਅਦਾਲਤ ਵੱਲੋਂ ਹਾਲ ਹੀ ’ਚ ਦਿੱਤਾ ਗਿਆ ਫ਼ੈਸਲਾ ਇਸੇ ਕਾਨੂੰਨ ਦੇ ਆਧਾਰ ’ਤੇ ਦਿੱਤਾ ਗਿਆ ਹੈ। 2021 ’ਚ ਅਮਰੀਕੀ ਫ਼ੌਜਾਂ ਦੇ ਅਫ਼ਗ਼ਾਨਿਸਤਾਨ ਛੱਡਣ ਤੋਂ ਬਾਅਦ ਤਾਲਿਬਾਨ ਨੇ ਅਫ਼ਗ਼ਾਨਿਸਤਾਨ ’ਤੇ ਕਬਜ਼ਾ ਕਰ ਲਿਆ ਸੀ।
ਰੂਸੀ ਵਿਦੇਸ਼ ਮੰਤਰਾਲੇ ਨੇ ਅਦਾਲਤ ਦੇ ਫ਼ੈਸਲੇ ਬਾਰੇ ਕਿਹਾ ਕਿ ਅਦਾਲਤ ਵੱਲੋਂ ਤਾਲਿਬਾਨ ਨੂੰ ਅੱਤਵਾਦੀ ਸਮੂਹਾਂ ਦੀ ਸੂਚੀ ’ਚੋਂ ਹਟਾਉਣਾ ਇਕ ਵੱਡਾ ਕਦਮ ਹੈ। ਇਹ ਕਾਬੁਲ ਨਾਲ ਸਰਕਾਰੀ ਭਾਈਵਾਲੀ ਲਈ ਪੂਰੀ ਤਰ੍ਹਾਂ ਰਾਹ ਖੋਲ੍ਹਦਾ ਹੈ। ਸਾਡਾ ਉਦੇਸ਼ ਨਸ਼ਿਆਂ ਅਤੇ ਅੱਤਵਾਦ ਵਿਰੁੱਧ ਲੜ ਕੇ ਖੇਤਰ ਅਤੇ ਅਫ਼ਗ਼ਾਨਿਸਤਾਨ ਨਾਲ ਸਾਡੇ ਸਬੰਧਾਂ ਨੂੰ ਲਾਭ ਪਹੁੰਚਾਉਣਾ ਹੈ।
ਇਸ ਦੇ ਨਾਲ ਹੀ ਅਫ਼ਗ਼ਾਨਿਸਤਾਨ ਦੀ ਤਾਲਿਬਾਨ ਸਰਕਾਰ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤਕੀ ਨੇ ਇਸ ਫ਼ੈਸਲੇ ਲਈ ਰੂਸ ਦਾ ਧੰਨਵਾਦ ਕੀਤਾ ਹੈ। ਇਹ ਦੋਵਾਂ ਦੇਸ਼ਾਂ ਦੇ ਸਬੰਧਾਂ ਲਈ ਇਕ ਮਹੱਤਵਪੂਰਨ ਕਦਮ ਹੈ।