2027 ਦੀਆਂ ਚੋਣਾਂ ਤੋਂ ਬਾਅਦ ਪੰਜਾਬ ’ਚ ਖਿੱਲਰ ਜਾਵੇਗਾ ‘ਆਪ’ ਦਾ ਝਾੜੂ
ਲੁਧਿਆਣਾ-ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਬੇਸ਼ੱਕ ਕਾਂਗਰਸ ਪਾਰਟੀ ਦਿੱਲੀ ’ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਪਰ 2020 ਦੇ ਮੁਕਾਬਲੇ ਵੋਟ ਸ਼ੇਅਰ ’ਚ ਵਾਧਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੀ ਸੱਤਾ ’ਤੇ ਕਾਬਜ਼ ਭਾਜਪਾ ਨੂੰ ਵੀ 27 ਸਾਲਾਂ ਬਾਅਦ ਸੱਤਾ ’ਚ ਆਉਣ ਦਾ ਮੌਕਾ ਮਿਲਿਆ ਹੈ, ਉਸ ਨੂੰ ਵੀ ਇੰਨਾ ਲੰਮਾ ਸਮਾਂ ਅਰਸਾ ਸੱਤਾ ਤੋਂ ਬਾਹਰ ਰਹਿਣਾ ਪਿਆ।
ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ’ਚ ਵੈਸੇ ਤਾਂ ਅਜੇ ਵਿਧਾਨ ਸਭਾ ਚੋਣਾਂ ’ਚ ਕਰੀਬ 2 ਸਾਲ ਦਾ ਸਮਾਂ ਪਿਆ ਹੈ ਪਰ ਜੇਕਰ ਹੁਣ ਵੀ ਇਹ ਚੋਣਾਂ ਹੁੰਦੀਆਂ ਹਨ ਤਾਂ ਆਮ ਅਦਮੀ ਪਾਰਟੀ ਦਾ ਝਾੜੂ ਖਿੱਲਰ ਜਾਵੇਗਾ। ਦਿੱਲੀ ’ਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਸਮੇਤ ਕਈ ਵੱਡੇ ਚਿਹਰੇ ਹਾਰ ਗਏ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਦੇਸ਼ ਦੀ ਜਨਤਾ ‘ਆਪ’ ਦੇ ਝੂਠ ਨੂੰ ਸਮਝ ਚੁੱਕੀ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ‘ਆਪ’ ਦੇ ਦਿੱਲੀ ਮਾਡਲ ਦੀ ਹਵਾ ਤਾਂ ਦਿੱਲੀ ਵਾਲਿਆਂ ਨੇ ਕੱਢ ਦਿੱਤੀ, ਹੁਣ ਵਾਰੀ ਪੰਜਾਬ ਦੀ ਹੈ, ਜਿਸ ਦਾ ਇਥੋਂ ਦੀ ਜਨਤਾ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਪੰਜਾਬ ’ਚ ਕਾਂਗਰਸ ਦੀ ਹੀ ਸਰਕਾਰ ਬਣੇਗੀ।
ਸ. ਵੜਿੰਗ ਨੇ ਕਿਹਾ ਕਿ ਪੰਜਾਬ ’ਚ ਮੋਦੀ ਦਾ ਜਾਦੂ ਨਹੀਂ ਚੱਲਣ ਵਾਲਾ ਹੈ, ਭਾਜਪਾ ਨੂੰ 2022 ਦੀਆਂ ਚੋਣਾਂ ’ਚ ਇਕ ਵੀ ਸੀਟ ਹਾਸਲ ਨਹੀਂ ਹੋਈ ਸੀ। ਸੂਬੇ ਦੀ ਜਨਤਾ ਇਨ੍ਹਾਂ ਨੂੰ 2027 ’ਚ ਵੀ ਮੂੰਹ ਨਹੀਂ ਲਗਾਏਗੀ, ਕਿਉਂਕਿ ਭਾਜਪਾ ਦੀ ਸੋਚ ਹਮੇਸ਼ਾ ਹੀ ਪੰਜਾਬ ਵਿਰੋਧੀ ਰਹੀ ਹੈ।
