ਸਿਰਫ਼ 10 ਹਜ਼ਾਰ ਦੀ ਕੀਮਤ ਨਾਲ ਹੋ ਸਕੇਗਾ ਇਲਾਜ
ਜੈਪੁਰ -: ਰਾਜਸਥਾਨ ਵਿਚ ਪਹਿਲੀ ਵਾਰ ਦੇਸੀ ਤਕਨਾਲੋਜੀ ਦੀ ਵਰਤੋਂ ਕਰ ਕੇ ਵਿਕਸਤ ਕੈਂਸਰ ਵੈਕਸੀਨ ਤਿਆਰ ਕੀਤੀ ਜਾ ਰਹੀ ਹੈ। ਇਹ ਵੈਕਸੀਨ ਸਿਰਫ਼ 10,000 ਰੁਪਏ ਦੀ ਲਾਗਤ ਨਾਲ ਕੈਂਸਰ ਦਾ ਇਲਾਜ ਕਰੇਗੀ। ਮਹਾਤਮਾ ਗਾਂਧੀ ਮੈਡੀਕਲ ਕਾਲਜ ਜੈਪੁਰ ਨੂੰ ਡੈਂਡਰਟਿਕ ਸੈੱਲ ਟੀਕਾ ਬਣਾਉਣ ਦੀ ਮਨਜ਼ੂਰੀ ਮਿਲ ਗਈ ਹੈ। ਇਸ ਟੀਕੇ ਨਾਲ 5 ਕਿਸਮਾਂ ਦੇ ਕੈਂਸਰ ਦਾ ਇਲਾਜ ਸੰਭਵ ਹੋਵੇਗਾ। ਇਸ ਨੂੰ ਦੇਸ਼ ਦੀ ਪਹਿਲੀ ਦੇਸੀ ਕੈਂਸਰ ਵੈਕਸੀਨ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਟੀਕੇ ਦੀ ਖੋਜ ਕਰ ਰਹੇ ਮਹਾਤਮਾ ਗਾਂਧੀ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਜ਼ ਐਂਡ ਟੈਕਨਾਲੋਜੀ ਜੈਪੁਰ ਦੇ ਸੈਂਟਰ ਫਾਰ ਕੈਂਸਰ ਇਮਯੂਨੋਥੈਰੇਪੀ ਦੇ ਡਾਇਰੈਕਟਰ ਡਾ. ਅਨਿਲ ਸੂਰੀ ਨਾਲ ਵਿਸ਼ੇਸ਼ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ 27 ਸਾਲਾਂ ਦੀ ਖੋਜ ਤੋਂ ਬਾਅਦ ਉਹ ਇਸ ਟੀਕੇ ਦੀ ਤਕਨਾਲੋਜੀ ਤੱਕ ਪਹੁੰਚੇ ਹਨ।
ਉਨ੍ਹਾਂ ਨੇ ਇਸ ਵੈਕਸੀਨ ਸਬੰਧੀ ਕੁਝ ਖ਼ਾਸ ਸਵਾਲਾਂ ਦੇ ਜਵਾਬ ਦਿੱਤੇ। ਡਾ. ਅਨਿਲ ਸੂਰੀ ਨੇ ਕਿਹਾ ਇਹ ਡੈਂਡਰਟਿਕ ਸੈੱਲ ਟੀਕਾ ਇਕ ਇਮਯੂਨੋਥੈਰੇਪੀ ਅਾਧਾਰਿਤ ਕੈਂਸਰ ਟੀਕਾ ਹੈ, ਜੋ ਸਰੀਰ ਦੀ ਇਮਿਊਨ ਸਿਸਟਮ ਨੂੰ ਕੈਂਸਰ ਸੈੱਲਾਂ ਨੂੰ ਪਛਾਣਨ ਅਤੇ ਨਸ਼ਟ ਕਰਨ ਲਈ ਸਿਖਲਾਈ ਦਿੰਦਾ ਹੈ। ਇਹ ਵਿਅਕਤੀਗਤ ਤੌਰ ’ਤੇ ਤਿਆਰ ਕੀਤਾ ਜਾਂਦਾ ਹੈ (ਪਰਸਨਲਾਈਜ਼ਡ ਵੈਕਸੀਨ), ਯਾਨੀ ਇਹ ਟੀਕਾ ਹਰੇਕ ਮਰੀਜ਼ ਦੇ ਕੈਂਸਰ ਦੀ ਕਿਸਮ ਦੇ ਅਨੁਸਾਰ ਤਿਆਰ ਕੀਤਾ ਜਾਵੇਗਾ। ਇਹ ਕੈਂਸਰ ਦੇ ਮਹਿੰਗੇ ਇਲਾਜ ਦਾ ਇਕ ਸਸਤਾ ਵਿਕਲਪ ਬਣ ਸਕਦਾ ਹੈ।
ਡਾ. ਅਨਿਲ ਸੂਰੀ ਨੇ ਦੱਸਿਆ ਕਿ ਇਸ ਵਿਚ ਮਰੀਜ਼ਾਂ ਦੇ ਸਰੀਰ ਵਿਚੋਂ ਡੈਂਡਰਟਿਕ ਸੈੱਲ ਕੱਢੇ ਜਾਂਦੇ ਹਨ। ਡੈਂਡਰਟਿਕ ਸੈੱਲ ਇਕ ਕਿਸਮ ਦੇ ਚਿੱਟੇ ਖ਼ੂਨ ਦੇ ਸੈੱਲ ਹੁੰਦੇ ਹਨ ਜੋ ਇਮਿਊਨ ਸਿਸਟਮ ਵਿਚ ਮੌਜੂਦ ਹੁੰਦੇ ਹਨ। ਇਹ ਇਮਿਊਨ ਸਿਸਟਮ ਨੂੰ ਸਰਗਰਮ ਕਰਨ ਵਿਚ ਮਦਦ ਕਰਦੇ ਹਨ।
ਵੈਕਸੀਨ ਬਣਾਉਣ ਲਈ, ਮਰੀਜ਼ ਦੇ ਖ਼ੂਨ ਵਿਚੋਂ ਡੈਂਡਰਟਿਕ ਸੈੱਲ ਕੱਢੇ ਜਾਂਦੇ ਹਨ। ਪਹਿਲੇ ਪੜਾਅ ਵਿਚ, ਇਨ੍ਹਾਂ ਡੈਂਡਰਟਿਕ ਸੈੱਲਾਂ ਨੂੰ ਪ੍ਰਯੋਗਸ਼ਾਲਾ ਵਿਚ ਕੈਂਸਰ ਸੈੱਲਾਂ ਦੇ ਸੰਪਰਕ ਵਿਚ ਲਿਆ ਕੇ ਕੈਂਸਰ ਦੀ ਪਛਾਣ ਕਰਨਾ ਸਿਖਾਇਆ ਜਾਂਦਾ ਹੈ। ਉਨ੍ਹਾਂ ਨੂੰ ਟਿਊਮਰ ਐਂਟੀਜੇਨਾਂ ਨਾਲ ਸਿਖਲਾਈ ਦਿਤੀ ਜਾਂਦੀ ਹੈ ਤਾਂ ਜੋ ਉਹ ਸਰੀਰ ਵਿਚ ਦਾਖ਼ਲ ਹੋ ਸਕਣ ਅਤੇ ਕੈਂਸਰ ਸੈੱਲਾਂ ਦੀ ਪਛਾਣ ਕਰ ਸਕਣ।
ਫਿਰ ਸਿਖਲਾਈ ਪ੍ਰਾਪਤ ਡੈਂਡਰਟਿਕ ਸੈੱਲਾਂ ਨੂੰ ਸਰੀਰ ਵਿਚ ਵਾਪਸ ਟੀਕਾ ਲਗਾਇਆ ਜਾਂਦਾ ਹੈ। ਇਹ ਸੈੱਲ ਟੀ-ਸੈੱਲਾਂ (ਇਮਿਊਨ ਸੈੱਲ) ਨੂੰ ਸਰਗਰਮ ਕਰਦੇ ਹਨ, ਜੋ ਸਿੱਧੇ ਤੌਰ ’ਤੇ ਕੈਂਸਰ ਸੈੱਲਾਂ ’ਤੇ ਹਮਲਾ ਕਰਦੇ ਹਨ ਅਤੇ ਉਨ੍ਹਾਂ ਨੂੰ ਨਸ਼ਟ ਕਰ ਦਿੰਦੇ ਹਨ।
