ਜੁਮੇ ਦੀ ਨਮਾਜ਼ ਦੌਰਾਨ ਹੋਇਆ ਆਤਮਘਾਤੀ ਹਮਲਾ
ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਅਖੋਰਾ ਖੱਟਕ ਵਿੱਚ ਦਾਰੁਲ ਉਲੂਮ ਹੱਕਾਨੀਆ ਮਦਰੱਸੇ ਵਿੱਚ ਸ਼ੁੱਕਰਵਾਰ ਨੂੰ ਨਮਾਜ਼ ਦੌਰਾਨ ਹੋਏ ਇੱਕ ਆਤਮਘਾਤੀ ਧਮਾਕੇ ਵਿੱਚ 16 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਸ ਹਮਲੇ ਵਿੱਚ ਜਮੀਅਤ ਉਲੇਮਾ-ਏ-ਇਸਲਾਮ-ਸਾਮੀ (ਜੇਯੂਆਈ-ਐਸ) ਦੇ ਮੁਖੀ ਮੌਲਾਨਾ ਹਮੀਦੁਲ ਹੱਕ ਹੱਕਾਨੀ ਦੀ ਵੀ ਮੌਤ ਹੋ ਗਈ। ਉਹ ਮੌਲਾਨਾ ਸਮੀਉਲ ਹੱਕ ਹੱਕਾਨੀ, ਸਾਬਕਾ JUI-S ਮੁਖੀ ਅਤੇ ‘ਤਾਲਿਬਾਨ ਦੇ ਜਨਕ’ ਦਾ ਪੁੱਤਰ ਸੀ।
ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਮੌਲਾਨਾ ਹਮੀਦੁਲ ਹੱਕ ਹੱਕਾਨੀ ਨਮਾਜ਼ ਦੌਰਾਨ ਮਸਜਿਦ ਦੀ ਪਹਿਲੀ ਕਤਾਰ ਵਿੱਚ ਮੌਜੂਦ ਸਨ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਉਹ ਹਮਲੇ ਦਾ ਮੁੱਖ ਨਿਸ਼ਾਨਾ ਸਨ। ਧਮਾਕੇ ਤੋਂ ਤੁਰੰਤ ਬਾਅਦ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।
ਨਿਸ਼ਾਨੇ ਉਤੇ ਸੀ ਮੌਲਾਨਾ ਹਮੀਦੁਲ ਹੱਕ ਹੱਕਾਨੀ
ਖੈਬਰ ਪਖਤੂਨਖਵਾ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਜ਼ੁਲਫਿਕਾਰ ਹਮੀਦ ਨੇ ਪੁਸ਼ਟੀ ਕੀਤੀ ਕਿ ਇਹ ਇੱਕ ਆਤਮਘਾਤੀ ਹਮਲਾ ਸੀ ਅਤੇ ਨਿਸ਼ਾਨਾ ਮੌਲਾਨਾ ਹਮੀਦੁਲ ਹੱਕ ਸਨ। ਉਨ੍ਹਾਂ ਸਥਾਨਕ ਮੀਡੀਆ ਨੂੰ ਦੱਸਿਆ ਕਿ ਸੁਰੱਖਿਆ ਏਜੰਸੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ ਅਤੇ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
