ਯੂਨੀਅਨ ਸਿੱਖ ਇਟਲੀ ਦੀ ਹੋਈ ਵਿਸ਼ੇਸ਼ ਬੈਠਕ

ਸਿੱਖ ਭਾਈਚਾਰੇ ਦਾ ਇਟਲੀ ਦੀ ਤਰੱਕੀ ਵਿਚ ਬੇਹੱਦ ਯੋਗਦਾਨ – ਮੇਅਰ ਜਾਰਾਤੋਨੇਲੋ

ਇਟਲੀ ਦੇ ਸਭ ਤੋਂ ਪੁਰਾਣੇ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਿਖੇ ਇਟਲੀ ਵਿਚ ਸਿੱਖ ਧਰਮ ਨੂੰ ਰਜਿਸਟਰ ਕਰਵਾ ਰਹੀ ਸੰਸਥਾ ਯੂਨੀਅਨ ਸਿੱਖ ਇਟਲੀ ਦੀ ਵਿਸ਼ੇਸ਼ ਬੈਠਕ ਹੋਈ, ਜਿਸ ਵਿਚ ਯੂਨੀਅਨ ਸਿੱਖ ਇਟਲੀ ਦੇ ਸੇਵਾਦਾਰਾਂ ਤੋਂ ਇਲਾਵਾ ਇਟਲੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਦੀਆ ਪ੍ਰਬੰਧਕ ਕਮੇਟੀਆ, ਵੱਖ ਵੱਖ ਜਥੇਬੰਦੀਆ ਦੇ ਮੈਬਰਾਂ ਨੇ ਹਿੱਸਾ ਲਿਆ।

ਇਸ ਮੌਕੇ ਵਿਸ਼ੇਸ਼ ਤੌਰ ਤੇ ਨੋਵੇਲਾਰਾ ਦੇ ਮੇਅਰ ਸਿਮੋਨੇ ਜਾਰਾਤੋਨੇਲੋ ਵੀ ਸ਼ਾਮਲ ਹੋਏ। ਉਹਨਾਂ ਕਿਹਾ ਕਿ ਸਿੱਖ ਭਾਈਚਾਰੇ ਦਾ ਇਟਲੀ ਦੀ ਤਰੱਕੀ ਵਿਚ ਬੇਹੱਦ ਯੋਗਦਾਨ ਹੈ। ਇਟਲੀ ਵਿਚ ਸਿੱਖ ਧਰਮ ਦੀ ਰਜਿਸਟ੍ਰੇਸ਼ਨ ਲਈ ਹਰ ਸੰਭਵ ਮੱਦਦ ਕਰਨ ਦਾ ਭਰੋਸਾ ਵੀ ਦਿੱਤਾ।

ਮੀਟਿੰਗ ਵਿਚ ਲੀਗਲ ਟੀਮ ਵਜੋਂ ਪਾੳਲੋ ਨਾਜੋ ਅਤੇ ਕ੍ਰਿਸਤੀਨਾ ਚਿਆਦੋਤੀ ਨੇ ਸ਼ਿਰਕਤ ਕੀਤੀ,ਜੋ ਕਿ ਪਿਛਲੇ ਲੰਬੇ ਸਮੇਂ ਤੋਂ ਸਿੱਖਾਂ ਨਾਲ ਸੰਪਰਕ ਰੱਖਦੇ ਹਨ ਅਤੇ ਸਿੱਖਾਂ ਤੇ ਅਧਿਐਨ ਕਰ ਰਹੇ ਹਨ। ਉਹਨਾਂ ਬੀਤੇ ਵਰੇ ਦੇ ਸੰਸਥਾ ਦੁਆਰਾ ਕੀਤੇ ਖਰਚਿਆਂ ਦਾ ਵੇਰਵਾ ਦਿੱਤਾ ਗਿਆ ਅਤੇ ਅਗਲੇ ਸਾਲ ਲਈ ਬਜਟ ਪੇਸ਼ ਕੀਤਾ ਗਿਆ ਅਤੇ ਸਾਲ 2025 ਦਾ ਬਜਟ ਪਾਸ ਕੀਤਾ ਗਿਆ।

ਸਭ ਤੋਂ ਪਹਿਲਾਂ ਲੀਗਲ ਟੀਮ ਵੱਜੋਂ ਪਾੳਲੋ ਨਾਜੋ ਅਤੇ ਕ੍ਰਿਸਤੀਨਾ ਚਿਆਦੋਤੀ ਨੇ ਸਿੱਖ ਧਰਮ ਦੀ ਫਾਈਲ ਦੇ ਸਰਕਾਰੀ ਤੌਰ ਤੇ ਮਨਜ਼ੂਰੀ ਵਾਸਤੇ ਚੱਲ ਰਹੇ ਕਾਰਜਾਂ ਬਾਰੇ ਚਾਨਣਾ ਪਾਇਆ ਅਤੇ ਇਸ ਮੌਕੇ ਪ੍ਰਬੰਧਕਾਂ ਦੁਆਰਾ ਸਿੱਖ ਧਰਮ ਦੀ ਫਾਈਲ ਨੂੰ ਲੈਕੇ ਕੀਤੇ ਸਵਾਲਾਂ ਦੇ ਜਵਾਬ ਦਿੱਤੇ।

ਇਸ ਤੋਂ ਇਲਾਵਾ ਸਿੱਖ ਧਰਮ ਦੀ ਜਾਣਕਾਰੀ ਦੇਣ ਹਿੱਤ ਵੱਖ ਵੱਖ ਸਕੂਲ਼ਾਂ ਅਤੇ ਕਾਲਜਾਂ ਵਿੱਚ ਵਰਕਸ਼ਾਪ ਕਰਨ ਤੇ ਸਹਿਮਤੀ ਪ੍ਰਗਟਾਈ।   ਇਸ ਮੌਕੇ ਸਾਰੀਆ ਪ੍ਰਬੰਧਕ ਕਮੇਟੀਆ ਨੇ ਯੂਨੀਅਨ ਸਿੱਖ ਇਟਲੀ ਦੇ ਹੁਣ ਤੱਕ ਦੇ ਕੀਤੇ ਕਾਰਜਾਂ ਤੇ ਸਹਿਮਤੀ ਅਤੇ ਨਵੇਂ ਕਾਰਜਾਂ ਲਈ ਹਾਮੀ ਭਰੀ।

 ਯੂਨੀਅਨ ਸਿੱਖ ਇਟਲੀ ਦੇ ਮੁੱਖ ਸੇਵਾਦਾਰ ਭਾਈ  ਸਤਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਟਲੀ ਵਿੱਚ ਜੋ ਧਰਮ ਰਜਿਸਟਰ ਕਰਵਾਉਣ ਦਾ ਬੀੜਾ ਯੂਨੀਅਨ ਸਿੱਖ ਇਟਲੀ ਨੇ ਚੁੱਕਿਆ ਹੈ।ਉਸਨੂੰ ਸਿਰੇ ਚਾੜਨ ਲਈ ਸਾਰੀਆਂ ਧਾਰਮਿਕ ਸੰਸਥਾਵਾਂ ਇੱਕਠੇ ਹੋਕੇ ਕੰਮ ਕਰਨ।

ਉਹਨਾਂ ਸਾਰੀਆਂ ਕਮੇਟੀਆ ਨੂੰ ਇਟਲੀ ਵਿੱਚ ਸਜਾਏ ਜਾ ਰਹੇ ਨਗਰ ਕੀਰਤਨਾਂ ਵਿੱਚ ਇਟਾਲੀਅਨ ਲੋਕਾਂ ਨੂੰ ਸੱਦਾ ਪੱਤਰ ਭੇਜਣ ਲਈ ਅਪੀਲ ਵੀ  ਕੀਤੀ। ਸਿੱਖ ਧਰਮ ਨੂੰ ਰਜਿਸਟਰ ਕਰਵਾਉਣ ਲਈ ਚੱਲ ਰਹੀ ਫਾਈਲ ਦਾ ਕਾਰਜ ਜੋ ਚੱਲ ਰਿਹਾ ਹੈ। ਉਹਨਾਂ ਉਸਦੇ ਨਤੀਜੇ ਚੰਗੇ ਆਉਣ ਦੀ ਆਸ ਪ੍ਰਗਟਾਈ।

Leave a Reply

Your email address will not be published. Required fields are marked *