ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਸਮੱਗਲਰਾਂ ਖਿਲਾਫ਼ ਕੀਤੀ ਵੱਡੀ ਕਾਰਵਾਈ : ਡੀ. ਆਈ. ਜੀ. ਮਨਦੀਪ ਸਿੱਧੂ

ਚਾਰ ਜ਼ਿਲਿਆਂ ’ਚ ਐੱਨ. ਡੀ. ਪੀ. ਐੱਸ. ਐਕਟ ਦੇ 484 ਮੁਕੱਦਮੇ ਕੀਤੇ ਦਰਜ, 693 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਪਟਿਆਲਾ ਰੇਂਜ ਦੇ ਡੀ. ਆਈ. ਜੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਸਬੰਧੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਚਲਾਈ ਗਈ ਹੈ, ਜਿਸ ਸਬੰਧੀ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਗੌਰਵ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਕਾਰਵਾਈ ਕਰਦਿਆਂ ਪਟਿਆਲਾ ਰੇਂਜ, ਪਟਿਆਲਾ ਅਧੀਨ ਪੈਂਦੇ ਚਾਰ ਜ਼ਿਲਿਆਂ ਪਟਿਆਲਾ, ਸੰਗਰੂਰ, ਬਰਨਾਲਾ ਅਤੇ ਮਾਲੇਰਕੋਟਲਾ ਵਿੱਚ ਮਿਤੀ 1 ਜਨਵਰੀ 2025 ਤੋਂ ਹੁਣ ਤੱਕ 100 ਦਿਨਾਂ ਅੰਦਰ ਐਨ.ਡੀ.ਪੀ.ਐਸ. ਐਕਟ ਅਧੀਨ 484 ਮੁਕੱਦਮੇ ਦਰਜ ਕਰਕੇ 693 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਸ ਲਾਈਨ ਪਟਿਆਲਾ ਵਿਖੇ ਡੀ. ਆਈ. ਜੀ. ਮਨਦੀਪ ਸਿੰਘ ਸਿੱਧੂ ਨੇ ਪਿਛਲੇ 100 ਦਿਨਾਂ ਦੌਰਾਨ ਪੁਲਸ ਵੱਲੋਂ ਕੀਤੀ ਗਈ ਰਿਕਵਰੀ ਸਬੰਧੀ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਪਟਿਆਲਾ, ਸੰਗਰੂਰ, ਬਰਨਾਲਾ ਤੇ ਮਾਲੇਰਕੋਟਲਾ ਦੀ ਪੁਲਸ ਵੱਲੋਂ 21.9 ਕਿਲੋਗ੍ਰਾਮ ਹੈਰੋਇਨ, 3.6 ਕਿਲੋਗ੍ਰਾਮ ਸਮੈਕ, 2525 ਕਿਲੋਗ੍ਰਾਮ ਭੁੱਕੀ/ਚੂਰਾ ਪੋਸਤ ਕਰੀਬ, 17.5 ਕਿਲੋ ਅਫ਼ੀਮ, ਕਰੀਬ 83 ਕਿਲੋਗ੍ਰਾਮ ਸੁਲਫ਼ਾ/ਗਾਂਜਾ, 1,33,400 (ਗਿਣਤੀ) ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 15,18,740 ਰੁਪਏ ਡਰੱਗ ਮਨੀ ਅਤੇ ਦੋਸ਼ੀਆਂ ਵੱਲੋਂ ਨਸ਼ਾ ਸਪਲਾਈ ਦੇ ਧੰਦੇ ’ਚ ਵਰਤੇ ਜਾਣ ਵਾਲੇ 56 ਵਹੀਕਲਾਂ ਨੂੰ ਬਰਾਮਦ ਕੀਤਾ ਹੈ।
ਡੀ. ਆਈ. ਜੀ. ਨੇ ਦੱਸਿਆ ਕਿ ਪਟਿਆਲਾ ਰੇਂਜ ਪੁਲਸ ਵੱਲੋਂ ਇਸ ਅਰਸੇ ਦੌਰਾਨ 08 ਪੀ. ਓ. ਗ੍ਰਿਫ਼ਤਾਰ ਕੀਤੇ ਗਏ। ਨਸ਼ਾ ਸਮੱਗਲਰਾਂ ਵੱਲੋਂ ਨਸ਼ਾ ਵੇਚ ਕੇ ਖ਼ਰੀਦ ਕੀਤੀਆਂ ਗਈਆਂ 11 ਪ੍ਰਾਪਰਟੀਆਂ, ਜਿਸ ਦੀ ਕੁੱਲ ਰਕਮ 4,83,01,745/– ਰੁਪਏ ਹੈ, ਨੂੰ ਫ਼ਰਿਜ ਕਰਵਾਇਆ ਗਿਆ ਹੈ ਅਤੇ 06 ਨਾਜਾਇਜ਼ ਉਸਾਰੀ ਕੀਤੇ ਗਏ ਮਕਾਨਾਂ ਨੂੰ ਵੀ ਜ਼ਿਲਾ ਪ੍ਰਸ਼ਾਸਨ ਵੱਲੋਂ ਪੁਲਸ ਦੀ ਮਦਦ ਨਾਲ ਢਹਿ–ਢੇਰੀ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਨਸ਼ਿਆਂ ਵਿਰੁੱਧ ਜਾਗਰੂਕ ਕਰਦੇ ਹੋਏ 1171 ਸੈਮੀਨਾਰ ਲਗਾਏ ਗਏ, 526 ਸੰਪਰਕ ਮੀਟਿੰਗਾਂ ਕੀਤੀਆਂ ਗਈਆਂ ਅਤੇ ਨਸ਼ਾ ਵਿਰੁੱਧ 03 ਸਾਈਕਲ ਰੈਲੀਆਂ, 01 ਪੈਦਲ ਰੈਲੀ ਅਤੇ 01 ਸਪੋਰਟਸ ਈਵੈਂਟ ਕਰਵਾਇਆ ਗਿਆ, ਜਿਨ੍ਹਾਂ ਤੋਂ ਪ੍ਰੇਰਿਤ ਹੋਕਰ 58 ਨਸ਼ਾ ਦਾ ਸੇਵਨ ਕਰਨ ਵਾਲੇ ਪੀੜਤਾਂ ਨੇ ਆਪਣੀ ਸਵੈ–ਇੱਛਾ ਨਾਲ ਨਸ਼ਾ ਛੱਡਣ ਪ੍ਰਤੀ ਪੁਲਿਸ ਨਾਲ ਤਾਲਮੇਲ ਕੀਤਾ, ਜਿਨ੍ਹਾਂ ਨੂੰ ਨਸ਼ਾ ਮੁਕਤੀ ਕੇਂਦਰਾਂ ਅਤੇ ਓਟ ਕੇਂਦਰਾਂ ’ਚ ਦਾਖਲ ਕਰਵਾਇਆ ਗਿਆ।
ਪਟਿਆਲਾ ਰੇਂਜ ਪੁਲਸ ਵੱਲੋਂ ਹੌਟਸਪੌਟ ਏਰੀਆ ’ਚ ਨਸ਼ਾ ਸਮੱਗਲਰਾਂ ’ਤੇ ਸਖ਼ਤੀ ਨਾਲ ਕਾਰਵਾਈ ਕਰਦਿਆਂ 52 ਕਾਸੋ ਅਾਪ੍ਰੇਸ਼ਨ ਕੀਤੇ ਗਏ। ਬਰਾਮਦ ਨਸ਼ੀਲੇ ਪਦਾਰਥਾਂ ’ਚੋਂ ਭੁੱਕੀ ਕਰੀਬ 2464 ਕਿਲੋਗ੍ਰਾਮ, ਅਫ਼ੀਮ 22.96 ਕਿਲੋਗ੍ਰਾਮ, ਹੈਰੋਇਨ 2.27 ਕਿਲੋਗ੍ਰਾਮ ਅਤੇ ਗੋਲੀਆਂ/ਕੈਪਸੂਲ 13260 (ਗਿਣਤੀ) ਤਲਫ਼ ਕਰਵਾਈ ਗਈ। ਕੁੱਲ 1315 ਵਿਲੇਜ਼ ਡਿਫੈਂਸ ਕਮੇਟੀਆਂ ’ਚੋਂ 279 ਵਿਲੇਜ਼ ਡਿਫੈਂਸ ਕਮੇਟੀਆਂ ਅਤੇ 384 ਵਾਰਡ ਡਿਫੈਂਸ ਕਮੇਟੀਆਂ ’ਚੋਂ 122 ਕਮੇਟੀਆਂ ਨੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਮਤੇ ਪਾਏ ਹਨ।
ਇਸ ਤੋਂ ਇਲਾਵਾ ਨਾਜਾਇਜ਼ ਸ਼ਰਾਬ ਦੀ ਬਣਤਰ ਅਤੇ ਵਿੱਕਰੀ ਵਿਰੁੱਧ ਕਾਰਵਾਈ ਕਰਦੇ ਹੋਏ ਪਟਿਆਲਾ ਰੇਂਜ ਪੁਲਿਸ ਵੱਲੋਂ ਕੁੱਲ 138 ਮੁਕੱਦਮੇ ਦਰਜ ਕਰਕੇ 149 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਨ੍ਹਾਂ ਪਾਸੋਂ ਕਰੀਬ 60823 ਲੀਟਰ ਨਜਾਇਜ਼ ਸ਼ਰਾਬ ਅਤੇ ਕਰੀਬ 2410 ਲੀਟਰ ਲਾਹਣ ਬਰਾਮਦ ਕੀਤਾ ਗਿਆ। ਪਟਿਆਲਾ ਰੇਂਜ ਦੀ ਪੁਲਿਸ ਵੱਲੋਂ ਅਮਨ–ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਗੈਂਗਸਟਰਾਂ ਵਿਰੁੱਧ ਕਾਰਵਾਈ ਕਰਦਿਆਂ ਹੋਇਆਂ 06 ਮੁਕੱਦਮੇ ਦਰਜ ਕਰਕੇ 16 ਅਸਲੇ, 59 ਕਾਰਤੂਸ ਅਤੇ 02 ਵਹੀਕਲ ਬਰਾਮਦ ਕੀਤੇ ਗਏ।
ਐੱਨ. ਡੀ. ਪੀ. ਐੱਸ. ਐਕਟ ਅਧੀਨ ਦਰਜ ਮੁਕੱਦਮਿਆਂ ਦੀ ਪੈਰਵੀ ਕਰਦੇ ਹੋਏ ਅਦਾਲਤਾਂ ’ਚ ਇਸ ਅਰਸੇ ਦੌਰਾਨ 227 ਮੁਕੱਦਮਿਆਂ ਦਾ ਨਿਪਟਾਰਾ ਹੋਇਆ, ਜਿਨ੍ਹਾਂ ’ਚੋਂ 212 ਮੁਕੱਦਮਾਤ ਸਜ਼ਾ ਕਰਵਾਏ ਗਏ ਹਨ, ਜਿਨ੍ਹਾਂ ਦੀ ਸਜ਼ਾ ਪ੍ਰਤੀਸ਼ਤਤਾ 93.4 ਰਹੀ। ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ ਤਹਿਤ ਸੇਫ ਪੰਜਾਬ ਦਾ ਨੰਬਰ 97791–00200 ਜਾਰੀ ਕੀਤਾ ਗਿਆ ਹੈ। ਆਮ ਜਨਤਾ ਇਸ ’ਤੇ ਨਸ਼ਾ ਸਮੱਗਲਰਾਂ ਖ਼ਿਲਾਫ਼ ਸਹੀ ਸੂਚਨਾ ਦੇ ਸਕਦੀ ਹੈ।

Leave a Reply

Your email address will not be published. Required fields are marked *