ਮ੍ਰਿਤਕ ਹਰਨੇਕ ਸਿੰਘ ਦੇ ਪਰਿਵਾਰ ਅਤੇ ਕਿਸਾਨ ਜਥੇਬੰਦੀ ਨੇ ਐੱਸ. ਐੱਸ. ਪੀ ਦਫਤਰ ਅੱਗੇ ਦਿੱਤਾ ਧਰਨਾ

ਗਾਂਧੀ ਚੌਕ ਜਾਮ ਕਰ ਕੇ ਪੁਲਸ ਪ੍ਰਸ਼ਾਸਨ ਵਿਰੁੱਧ ਰੋਸ ਜ਼ਾਹਿਰ ਕੀਤਾ

ਬਟਾਲਾ ;- ਬੀਤੇ ਦਿਨੀਂ ਜ਼ਿਲਾ ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ ’ਚ ਹੋਏ ਗੋਲੀ ਕਾਂਡ ਦੌਰਾਨ ਜਿਥੇ ਇਕ ਵਿਅਕਤੀ ਦੀ ਮੌਤ ਹੋ ਗਈ ਸੀ, ਉੱਥੇ ਨਾਲ ਹੀ 2 ਸੁਨਿਆਰੇ ਵੀ ਗੋਲੀ ਲੱਗਣ ਦੇ ਚਲਦਿਆਂ ਜ਼ਖਮੀ ਹੋ ਗਏ ਸਨ। ਬੀਤੀ ਦੇਰ ਸ਼ਾਮ ਮ੍ਰਿਤਕ ਹਰਨੇਕ ਸਿੰਘ ਵਾਸੀ ਦੇਹੜ ਦੇ ਪਰਿਵਾਰਕ ਮੈਂਬਰਾਂ ਨੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਆਗੂਆਂ ਨੂੰ ਨਾਲ ਲੈ ਕੇ ਐੱਸ. ਐੱਸ. ਪੀ. ਦਫਤਰ ਬਟਾਲਾ ਦੇ ਸਾਹਮਣੇ ਧਰਨਾ ਦਿੱਤਾ, ਜੋ ਕਿ ਸਾਰੀ ਰਾਤ ਜਾਰੀ ਰਿਹਾ ਅਤੇ ਅੱਜ ਸਵੇਰੇ ਪਰਿਵਾਰ ਅਤੇ ਕਿਸਾਨ ਆਗੂਆਂ ਵੱਲੋਂ ਗਾਂਧੀ ਚੌਕ ਜਾਮ ਕਰ ਕੇ ਪੁਲਸ ਪ੍ਰਸ਼ਾਸਨ ਵਿਰੁੱਧ ਆਪਣਾ ਰੋਸ ਜ਼ਾਹਿਰ ਕੀਤਾ ਗਿਆ।
ਇਸ ਸਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਰਨੇਕ ਸਿੰਘ ਕਲਾਨੌਰ ਦੇ ਇਕ ਸਕੂਲ ਵਿਚ ਅਧਿਆਪਕ ਸੀ। ਉਨ੍ਹਾਂ ਦੱਸਿਆ ਕਿ ਮਿਤੀ 5 ਫਰਵਰੀ ਨੂੰ ਹਰਨੇਕ ਸਿੰਘ ਰੋਜ਼ਾਨਾ ਦੀ ਤਰ੍ਹਾਂ ਘਰ ਤੋਂ ਆਪਣੀ ਡਿਊਟੀ ’ਤੇ ਗਿਆ ਸੀ ਅਤੇ ਇਸ ਤੋਂ ਬਾਅਦ ਉਹ ਅੰਮ੍ਰਿਤਸਰ ਕਿਸੇ ਕੰਮ ਲਈ ਚਲਾ ਗਿਆ। ਰਾਤ ਤੱਕ ਜਦ ਉਹ ਘਰ ਵਾਪਸ ਨਹੀਂ ਆਇਆ ਤਾਂ ਉਨ੍ਹਾਂ ਹਰਨੇਕ ਸਿੰਘ ਨੂੰ ਫੋਨ ਕੀਤਾ ਅਤੇ ਉਸਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਹੈ ਅਤੇ ਜਲਦ ਹੀ ਘਰ ਵਾਪਸ ਆ ਜਾਵੇਗਾ।
ਉਨ੍ਹਾਂ ਕਿਹਾ ਕਿ ਰਾਤ 12:12 ਵਜੇ ਜਦ ਉਨ੍ਹਾਂ ਦੁਬਾਰਾ ਹਰਨੇਕ ਸਿੰਘ ਨੂੰ ਫੋਨ ਕੀਤਾ ਤਾਂ ਫੋਨ ਉਸਦੇ ਦੋਸਤ ਨੇ ਚੁੱਕਿਆ ਅਤੇ ਕਿਹਾ ਕਿ ਰਸਤੇ ’ਚ ਉਨ੍ਹਾਂ ਦਾ ਕੁਝ ਵਿਅਕਤੀਆਂ ਨਾਲ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ ਅਤੇ ਜਦ ਉਹ ਉਨ੍ਹਾਂ ਸਮਝਾਉਣ ਲਈ ਫਤਿਹਗੜ੍ਹ ਚੂੜੀਆਂ ਗਏ ਤਾਂ ਉੱਥੇ ਦੋ ਵਿਅਕਤੀਆ ਨੇ ਉਨ੍ਹਾਂ ’ਤੇ ਗੋਲੀ ਚੱਲਾ ਦਿੱਤੀ, ਜਿਸਦੇ ਚਲਦਿਆਂ ਹਰਨੇਕ ਸਿੰਘ ਗੋਲੀ ਲੱਗਣ ਦੇ ਚਲਦਿਆਂ ਗੰਭੀਰ ਜ਼ਖਮੀ ਹੋ ਗਿਆ। ਉਨ੍ਹਾਂ ਹਰਨੇਕ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ’ਚ ਦਾਖਲ ਕਰਵਾਇਆ, ਜਿਥੇ ਉਸਦੀ ਮੌਤ ਹੋ ਗਈ।
ਉਨ੍ਹਾਂ ਕਿਹਾ ਕਿ ਪੁਲਸ ੱਵਲੋਂ ਇਸ ਮਾਮਲੇ ’ਚ ਦੂਜੀ ਧਿਰ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਦਿੱਤਾ ਗਿਆ ਹੈ ਪਰ ਉਨ੍ਹਾਂ ਦੀ ਅਜੇ ਤੱਕ ਕੋਈ ਸੁਣਵਾਈ ਨਹੀਂ ਕੀਤੀ ਗਈ, ਜਿਸਦੇ ਚਲਦਿਆਂ ਉਨ੍ਹਾਂ ਨੂੰ ਧਰਨਾ ਦੇਣ ਲਈ ਮਜ਼ਬੂਰ ਹੋਣਾ ਪਿਆ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਹਰਨੇਕ ਸਿੰਘ ਦਾ ਕਤਲ ਕਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਕਰਾਸ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੁਲਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਪੂੁਰਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ।

ਪੁਲਸ ਵੱਲੋਂ ਕਰਾਸ ਕੇਸ ਦਰਜ ਕਰਨ ਤੋਂ ਬਾਅਦ ਪਰਿਵਾਰ ਨੇ ਧਰਨਾ ਕੀਤਾ ਸਮਾਪਤ
ਦੂਜੇ ਪਾਸੇ ਸ਼ਾਮ ਨੂੰ ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਸ ਵੱਲੋਂ ਇਸ ਮਾਮਲੇ ’ਚ ਕਰਾਸ ਕੇਸ ਦਰਜ ਕਰ ਦਿੱਤਾ ਗਿਆ। ਕਰਾਸ ਕੇਸ ਦਰਜ ਹੋਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਅਤੇ ਕਿਸਾਨ ਜਥੇਬੰਦੀ ਵਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਪ੍ਰਧਾਨ ਕੰਵਲਜੀਤ ਸਿੰਘ, ਗੁਰਜੀਤ ਸਿੰਘ, ਗੁਰਜਿੰਦਰ ਸਿੰਘ, ਅਮਰੀਕ ਸਿੰਘ, ਸਤਿੰਦਰ ਸਿੰਘ, ਰਣਜੀਤ ਸਿੰਘ, ਗੁਰਨਾਮ ਸਿੰਘ, ਸੁਖਜਿੰਦਰ ਸਿੰਘ, ਸਤਨਾਮ ਸਿੰਘ, ਪਰਮਜੀਤ ਸਿੰਘ ਆਦਿ ਵੱਡੀ ਗਿਣਤੀ ’ਚ ਕਿਸਾਨ ਆਗੂ ਹਾਜ਼ਰ ਸਨ।

ਜਾਮ ਕਾਰਨ ਲੋਕਾਂ ਨੂੰ ਕਰਨਾ ਪਿਆ ਮੁਸਕਲਾਂ ਦਾ ਸਾਹਮਣਾ
ਕਿਸਾਨ ਜਥੇਬੰਦੀ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਅੱਜ ਸਵੇਰ ਤੋਂ ਹੀ ਗਾਂਧੀ ਚੌਕ ’ਚ ਵਾਹਨ ਖੜ੍ਹੇ ਕਰ ਕੇ ਚੌਕ ਨੂੰ ਜਾਮ ਕੀਤਾ ਗਿਆ, ਜਿਸਦੇ ਚਲਦਿਆਂ ਭਾਰੀ ਟ੍ਰੈਫਿਕ ਜਾਮ ਲੱਗ ਜਾਣ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਉੱਥੇ ਹੀ ਗੁਰਦਾਸਪੁਰ, ਅੰਮ੍ਰਿਤਸਰ, ਡੇਰਾ ਬਾਬਾ ਨਾਨਕ, ਫਹਿਤਗੜ੍ਹ ਚੂੜੀਆਂ, ਕਲਾਨੌਰ ਆਦਿ ਪਿੰਡਾਂ ਨੂੰ ਜਾਣ ਵਾਲੀਆਂ ਬੱਸਾਂ ਨੂੰ ਵੀ ਆਪਣੇ ਰੂਟ ਬਦਲਣ ਲਈ ਮਜਬੂਰ ਹੋਣਾ ਪਿਆ।

Leave a Reply

Your email address will not be published. Required fields are marked *