ਭਵਾਨੀਗੜ੍ਹ -ਬਲਿਆਲ ਰੋਡ ਤੇ ਐਫਸੀਆਈ ਗੋਦਾਮਾਂ ਦੇ ਨਜ਼ਦੀਕ ਇਕ ਨਿੱਜੀ ਕੰਪਨੀ ਵੱਲੋਂ ਲਗਾਏ ਜਾ ਰਹੇ ਮੋਬਾਇਲ ਟਾਵਰ ਦੇ ਵਿਰੋਧ ’ਚ ਮੁਹੱਲਾ ਨਿਵਾਸੀਆਂ ਵੱਲੋਂ ਰੋਸ਼ ਜਾਹਿਰ ਕਰਦਿਆਂ ਚੰਡੀਗੜ੍ਹ ਬਠਿੰਡਾ ਮੁੱਖ ਨੈਸ਼ਨਲ ਹਾਈਵੇ ਜਾਮ ਕਰ ਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਆਪ ਦੇ ਸੀਨੀਅਰ ਆਗੂ ਅਤੇ ਬਲਾਕ ਪ੍ਰਧਾਨ ਅਵਤਾਰ ਸਿੰਘ ਤਾਰੀ, ਆਪ ਆਗੂ ਗੁਰਪ੍ਰੀਤ ਸਿੰਘ ਫੌਜੀ, ਆਪ ਆਗੂ ਗੁਰਪ੍ਰੀਤ ਸਿੰਘ ਬਾਬਾ ਤੋਂ ਇਲਾਵਾ ਮੁਹੱਲਾ ਵਾਸੀ ਗੁਰਪਿਆਰ ਸਿੰਘ, ਹਰਦੀਪ ਸਿੰਘ, ਜੋਨੀ ਗਰਗ, ਪ੍ਰੇਮ ਸਿੰਘ, ਰਾਮੇਸ਼ ਸਿੰਗਲਾ, ਗਜਿੰਦਰ ਰਾਜਪੁਰੋਹਿਤ, ਸਤਨਾਮ ਸਿੰਘ ਲੋਟੇ, ਕਰਮਜੀਤ ਸਿੰਘ, ਜਗਤਾਰ ਸਿੰਘ, ਤਰਸੇਮ ਕਾਂਸਲ ਸਮੇਤ ਵੱਡੀ ਗਿਣਤੀ ਵਿਚ ਹੋਰ ਮੁਹੱਲਿਆਂ ਦੇ ਨਿਵਾਸੀਆਂ ਨੇ ਦੱਸਿਆ ਕਿ ਇਕ ਨਿੱਜੀ ਕੰਪਨੀ ਵੱਲੋਂ ਬਲਿਆਲ ਰੋਡ ਐਫ.ਸੀ.ਆਈ ਦੇ ਗੋਦਾਮਾਂ ਨੇੜੇ ਸ਼ਹਿਰ ਦੀ ਸੰਘਣੀ ਅਬਾਦੀ ਵਾਲੇ ਇਲਾਕੇ ’ਚ ਮੋਬਾਇਲ ਫੋਨ ਵਾਲਾ 5ਜੀ ਟਾਵਰ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਕਿ ਸੰਘਣੀ ਅਬਾਦੀ ਵਾਲੇ ਖੇਤਰ ’ਚ ਟਾਵਰ ਨਹੀਂ ਲੱਗ ਸਕਦਾ ਪਰ ਫਿਰ ਵੀ ਆਮ ਜਨਤਾ ਦੇ ਵਿਰੋਧ ਦੇ ਬਾਵਜੂਦ ਵੀ ਇਥੇ ਟਾਵਰ ਲਗਾਉਣ ਦਾ ਕੰਮ ਲਗਾਤਾਰ ਜਾਰੀ ਹੈ। ਉਹ ਕਿਸੇ ਵੀ ਹਾਲਤ ’ਚ ਇਹ ਟਾਵਰ ਨਹੀਂ ਲੱਗਣ ਦੇਣਗੇ। ਪ੍ਰਦਰਸ਼ਨਕਾਰੀਆ ਨੇ ਦੱਸਿਆ ਕਿ ਉਹਨਾਂ ਵੱਲੋਂ ਕੁਝ ਦਿਨ ਪਹਿਲਾਂ ਵੀ ਰੋਸ ਜਾਹਿਰ ਕੀਤਾ ਗਿਆ ਸੀ, ਜਿਸ ਦੌਰਾਨ ਪ੍ਰਸ਼ਾਸਨ ਨੇ ਟਾਵਰ ਲਗਾਉਣ ਦਾ ਕੰਮ ਬੰਦ ਕਰ ਦਿੱਤਾ ਸੀ ਪਰ ਅੱਜ ਜਦੋਂ ਟਾਵਰ ਲਗਾਉਣ ਦਾ ਕੰਮ ਦੁਬਾਰਾ ਸ਼ੁਰੂ ਹੋਣ ਬਾਰੇ ਸਾਨੂੰ ਪਤਾ ਲੱਗਿਆ ਕਿ ਤਾਂ ਮੁਹੱਲਾ ਨਿਵਾਸੀ ਇਕੱਤਰ ਹੋਣੇ ਸ਼ੁਰੂ ਹੋ ਗਏ, ਜਿਨਾਂ ਨੇ ਮੁੱਖ ਸੜਕ ‘ਤੇ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ।
ਮੁੱਖ ਸੜਕ ਜਾਮ ਕਰਦਿਆਂ ਇਹ ਟਾਵਰ ਦਾ ਕੰਮ ਤੁਰੰਤ ਬੰਦ ਕਰਨ ਦੀ ਮੰਗ ਕੀਤੀ, ਜਿਸ ਦੌਰਾਨ ਮੌਕੇ ’ਤੇ ਭਵਾਨੀਗੜ੍ਹ ਦੇ ਥਾਣਾ ਮੁਖੀ ਗੁਰਨਾਮ ਸਿੰਘ ਪਹੁੰਚੇ ਅਤੇ ਉਹਨਾਂ ਨੇ ਧਰਨਾਕਾਰੀਆਂ ਨੂੰ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨਾਲ ਮੀਟਿੰਗ ਕਰਾਉਣ ਦਾ ਭਰੋਸਾ ਦਿਵਾ ਕੇ ਇਕ ਵਾਰ ਜਾਮ ਖੁਲਵਾ ਦਿੱਤਾ।
ਧਰਨਾਕਾਰੀ ਜਦੋਂ ਨਗਰ ਕੌਂਸਲ ਦਫ਼ਤਰ ਗਏ ਤਾਂ ਉਥੇ ਕਾਰਜ ਸਾਧਕ ਅਫਸਰ ਦਫਤਰ ਵਿੱਚ ਨਹੀਂ ਸਨ। ਜਿਸ ਉਪਰੰਤ ਪ੍ਰਦਰਸ਼ਨਕਾਰੀਆਂ ਨੇ ਨਗਰ ਕੌਂਸਲ ਦਫਤਰ ਨੂੰ ਘੇਰ ਕੇ ਦਫਤਰ ਦੇ ਅੰਦਰ ਹੀ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜੀ ਸ਼ੁਰੂ ਕਰ ਦਿੱਤੀ ਪਰ ਕਾਫੀ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਜਦੋਂ ਕਾਰਜ ਸਾਧਕ ਅਫਸਰ ਦਫਤਰ ਨਾ ਪਹੁੰਚੇ ਤਾਂ ਪ੍ਰਦਰਸ਼ਨਕਾਰੀਆਂ ਦਾ ਗੁੱਸਾ ਸੱਤਵੇਂ ਅਸਮਾਨ ‘ਤੇ ਪਹੁੰਚ ਗਿਆ ਅਤੇ ਉਹਨਾਂ ਨੇ ਨਵਾਂ ਬੱਸ ਸਟੈਂਡ ਨਜ਼ਦੀਕ ਚੰਡੀਗੜ੍ਹ ਬਠਿੰਡਾ ਮੁੱਖ ਮਾਰਗ ਫਿਰ ਤੋਂ ਮੁਕੰਮਲ ਜਾਮ ਕਰ ਦਿੱਤਾ।
ਮੌਕੇ ’ਤੇ ਪਹੁੰਚੇ ਨਾਇਬ ਤਹਿਸੀਲਦਾਰ ਆਸ਼ੂ ਪ੍ਰਭਾਬ ਜੋਸ਼ੀ ਅਤੇ ਥਾਣਾ ਮੁਖੀ ਗੁਰਨਾਮ ਸਿੰਘ ਨੇ ਈ. ਓ. ਨੂੰ ਦਫ਼ਤਰ ਬੁਲਾ ਕੇ ਇਨ੍ਹਾਂ ਦੀ ਗੱਲ ਕਰਾਉਣ ਦਾ ਭਰੋਸਾ ਦੇ ਕੇ ਜਾਮ ਖੁਲਵਾਇਆ। ਟਾਵਰ ਲੱਗਣ ਵਾਲੀ ਜਗ੍ਹਾ ਦੇ ਮਾਲਕ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੇਰੇ ਪਲਾਟ ਤੋਂ ਸਿਰਫ 200 ਮੀਟਰ ਦੀ ਦੂਰੀ ਤੇ ਕਰੀਬ ਦੋ ਤਿੰਨ ਮਹੀਨੇ ਪਹਿਲਾਂ ਵੀ ਟਾਵਰ ਲੱਗਾ ਹੈ, ਜਿਸ ਦਾ ਕਿਸੇ ਵੀ ਵਿਅਕਤੀ ਵੱਲੋਂ ਕੋਈ ਵਿਰੋਧ ਨਹੀਂ ਕੀਤਾ ਗਿਆ।
ਬਲਵਿੰਦਰ ਸਿੰਘ ਨੇ ਕਿਹਾ ਕਿ ਇਹ ਟਾਵਰ ਲਗਾਉਣ ਦਾ ਵਿਰੋਧ ਨਹੀਂ ਕੀਤਾ ਜਾ ਰਿਹਾ ਬਲਕਿ ਕੁਝ ਸ਼ਰਾਰਤੀ ਕਿਸਮ ਦੇ ਲੋਕ ਰੰਜਿਸ਼ ਦੇ ਚਲਦਿਆਂ ਮੇਰਾ ਨਿੱਜੀ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੁਝ ਵਿਅਕਤੀ ਉਨ੍ਹਾਂ ਦੇ ਨਿੱਜੀ ਵਿਰੋਧੀ ਹੋਣ ਕਾਰਨ ਇਸ ਮਸਲੇ ਨੂੰ ਬਿਨ੍ਹਾਂ ਵਜ਼੍ਹਾ ਉਛਾਲ ਰਹੇ ਹਨ, ਜਦੋਂ ਕਿ ਕੰਪਨੀ ਵਲੋਂ ਡੀ. ਸੀ. ਸੰਗਰੂਰ ਸਮੇਤ ਸਾਰੇ ਵਿਭਾਗਾਂ ਤੋਂ ਮਨਜੂਰੀ ਲੈ ਕੇ ਹੀ ਕੰਮ ਚਲਾਇਆ ਹੈ। ਉਨ੍ਹਾਂ ਕਿਹਾ ਕਿ ਘਾਤਕ ਹੋਣ ਵਾਲੇ ਟਾਵਰ ਲਈ ਵਿਭਾਗਾਂ ਵਲੋਂ ਮਨਜੂਰੀ ਕਿਵੇ ਮਿਲ ਸਕਦੀ ਹੈ।
ਕਾਰਜ ਸਾਧਕ ਅਫ਼ਸਰ ਮੋਹਿਤ ਸ਼ਰਮਾਂ ਨੇ ਕਿਹਾ ਕਿ ਲੋਕਾਂ ਦੇ ਵਿਰੋਧ ਨੂੰ ਦੇਖ਼ਦਿਆਂ ਉਨ੍ਹਾਂ ਇਸ ਸਬੰਧੀ ਡੀ. ਸੀ. ਸੰਗਰੂਰ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਕਿਸੇ ਵੀ ਪ੍ਰਕਾਰ ਦਾ ਟਕਰਾਅ ਹੋਣ ਤੋਂ ਬਚਾਉਣ ਲਈ ਪੁਲਿਸ ਨੂੰ ਕੰਮ ਰੁਕਵਾਉਣ ਲਈ ਕਿਹਾ ਹੈ।
ਇਸ ਸਾਰੇ ਮਾਮਲੇ ਸਬੰਧੀ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਨਾਲ ਖੜੇ ਹਨ, ਜਿਸ ਤਰ੍ਹਾਂ ਵੀ ਲੋਕ ਕਹਿਣਗੇ ਉਸ ਅਨੁਸਾਰ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਅਜੇ ਉਹ ਟਾਵਰ ਲੱਗਣ ਸਬੰਧੀ ਸਾਰੀ ਸਥਿਤੀ ਦੀ ਜਾਇਜਾ ਲੈ ਰਹੇ ਹਨ।