ਭਵਾਨੀਗੜ੍ਹ -: ਨੇੜਲੇ ਪਿੰਡ ਘਰਾਚੋਂ ਵਿਖੇ ਖੇਤ ’ਚ ਕੰਮ ਕਰਦੇ ਸਮੇਂ ਇਕ ਨੌਜਵਾਨ ਕਿਸਾਨ ਦੀ ਮੋਟਰ ਤੋਂ ਅਚਾਨਕ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਕਿਸਾਨ ਜਸਵਿੰਦਰ ਸਿੰਘ ਜੱਸਾ (35) ਦੇ ਪਿਤਾ ਰਾਜ ਸਿੰਘ ਪੁੱਤਰ ਬੰਤ ਸਿੰਘ ਵਾਸੀ ਘਰਾਚੋਂ ਨੇ ਦੱਸਿਆ ਕਿ ਉਸ ਦਾ ਲੜਕਾ ਸਵੇਰੇ ਆਪਣੇ ਖ਼ੇਤ ਕੰਮ ਕਰਨ ਲਈ ਗਿਆ ਸੀ ਪਰ ਉਹ ਕਾਫ਼ੀ ਦੇਰ ਤੱਕ ਜਦੋਂ ਘਰ ਵਾਪਸ ਨਹੀਂ ਪਰਤਿਆ ਤਾਂ ਫਿਰ ਉਹ ਆਪਣੇ ਲੜਕੇ ਨੂੰ ਦੇਖਣ ਲਈ ਖ਼ੇਤ ਗਏ।
ਉੱਥੇ ਜਾ ਕੇ ਉਨ੍ਹਾਂ ਦੇਖਿਆ ਕਿ ਲੜਕਾ ਜਸਵਿੰਦਰ ਸਿੰਘ ਜੱਸਾ ਖੇਤ ’ਚ ਡਿੱਗਿਆ ਪਿਆ ਸੀ। ਜਦੋਂ ਉਨ੍ਹਾਂ ਕੋਲ ਜਾ ਕੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਲੜਕੇ ਦੀ ਮੌਤ ਮੋਟਰ ਤੋਂ ਕਰੰਟ ਲੱਗਣ ਕਾਰਨ ਹੋਈ ਹੈ।
ਇਸ ਸਬੰਧੀ ਪੁਲਸ ਚੈੱਕ ਪੋਸਟ ਘਰਾਚੋਂ ਦੇ ਇੰਚਾਰਜ ਸਬ-ਇੰਸਪੈਕਟਰ ਜਸਬੀਰ ਸਿੰਘ ਨੇ ਦੱਸਿਆ ਕਿ ਕਿਸਾਨ ਦੀ ਮੌਤ ਖੇਤ ‘ਚ ਮੋਟਰ ਤੋਂ ਕਰੰਟ ਲੱਗਣ ਕਾਰਨ ਹੋਈ ਹੈ। ਉਨ੍ਹਾਂ ਧਾਰਾ 194 ਦੀ ਕਾਰਵਾਈ ਕਰ ਕੇ ਲਾਸ਼ ਦਾ ਪੋਸਟਮਾਰਟ ਕਰਵਾਉਣ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਹੈ।
ਇਸ ਮੌਕੇ ਪਿੰਡ ਵਾਸੀਆਂ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ।
