ਤਲਵੰਡੀ ਸਾਬੋ :- ਮੈਨੂੰ 2 ਦਸੰਬਰ ਤੋਂ ਬਾਅਦ ਹੀ ਇਹ ਅਹਿਸਾਸ ਹੋਣ ਲੱਗ ਗਿਆ ਸੀ ਕਿ ਮੇਰੀਆਂ ਸੇਵਾਵਾਂ ਖ਼ਤਮ ਕੀਤੀਆਂ ਜਾਣਗੀਆਂ,ਅੱਜ ਜਦੋਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਗਈਆਂ ਹਨ ਤਾਂ ਕੋਈ ਹੈਰਾਨੀ ਨਹੀਂ ਹੋਈ। ਉਕਤ ਪ੍ਰਤੀਕਰਮ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾ ਦਿੱਤੇ ਗਏ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਫ਼ੈਸਲੇ ਬਾਰੇ ਪੂਰੀ ਗੱਲ ਤਾਂ ਉਦੋਂ ਹੀ ਕਰਾਂਗੇ ਜਦੋਂ ਮੀਟਿੰਗ ‘ਚ ਹੋਏ ਵਾਪਰੇ ਦੀ ਸਾਰੀ ਕਹਾਣੀ ਸਾਹਮਣੇ ਆ ਜਾਵੇਗੀ ਪਰ ਫ਼ੈਸਲੇ ਦੀ ਉਨ੍ਹਾਂ ਨੂੰ ਕੋਈ ਹੈਰਾਨੀ ਨਹੀਂ ਹੋਈ ਸਗੋਂ ਹੁਣ ਉਹ ਪੰਥ ਦੀ ਗੱਲ ਬੇਬਾਕੀ ਨਾਲ ਕਰ ਸਕਣਗੇ । ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ‘ਤੇ ਦਬਾਅ ਸੀ ਅਤੇ ਉਹ ਦਬਾਅ ਅਕਾਲ ਪੁਰਖ ਦਾ ਨਹੀਂ ਸੀ ਸਗੋਂ ਰਾਜਸੀ ਸੀ।
ਜਥੇਦਾਰ ਅਕਾਲ ਤਖ਼ਤ ਵਲੋਂ ਜਾਂਚ ਦਾ ਵਿਰੋਧ ਕਰਨ ਦੇ ਬਾਵਜੂਦ ਵੀ ਅੱਜ ਅੰਤ੍ਰਿੰਗ ਕਮੇਟੀ ਦਾ ਫ਼ੈਸਲਾ ਆ ਜਾਣ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਜਦੋਂ ਧੱਕਾ ਕਰਨਾ ਹੋਵੇ ਜਾਂ ਇਹ ਧਾਰ ਲਿਆ ਜਾਵੇ ਕਿ ਇਨ੍ਹਾਂ ਨੂੰ ਕੱਢਣਾ ਹੈ ਤਾਂ ਫਿਰ ਨਿਯਮ ਕਾਨੂੰਨ ਕੋਈ ਨਹੀਂ ਦੇਖਦਾ । ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਥੇਦਾਰਾਂ ਨਾਲ ਧੱਕੇ ਦੀ ਇਹ ਪਹਿਲੀ ਘਟਨਾ ਨਹੀਂ ਹੈ ਇਹ ਉਦੋਂ ਤੱਕ ਹੁੰਦਾ ਰਹੇਗਾ ਜਦੋਂ ਤੱਕ ਸਾਡੀਆਂ ਸਿੱਖ ਸੰਸਥਾਵਾਂ ਰਾਜਨੀਤਿਕ ਦਬਾਅ ਤੋਂ ਮੁਕਤ ਨਹੀਂ ਹੋ ਜਾਂਦੀਆਂ।
