Hoshiarpur : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਿਊਟੀ ਦੌਰਾਨ ਸ਼ਹੀਦ ਹੋਏ ਪੰਜ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਕ-ਇਕ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇ ਚੈੱਕ ਸੌਂਪੇ। ਮੁੱਖ ਮੰਤਰੀ ਨੇ ਇਥੇ ਪਾਸਿੰਗ ਆਊਟ ਪਰੇਡ ਦੌਰਾਨ ਸ਼ਹੀਦ ਏ. ਐੱਸ. ਆਈ. (ਐੱਲ. ਆਰ.) ਬਲਵਿੰਦਰ ਸਿੰਘ, ਏ. ਐੱਸ. ਆਈ. (ਐੱਲ. ਆਰ.) ਨਸੀਬ ਚੰਦ, ਏ. ਐੱਸ. ਆਈ. (ਐੱਲ. ਆਰ.) ਅਨਿਲ ਕੁਮਾਰ, ਹੌਲਦਾਰ ਮਨਜਿੰਦਰ ਸਿੰਘ ਅਤੇ ਸਿਪਾਹੀ ਇੰਦਰਜੀਤ ਸਿੰਘ ਦੇ ਪਰਿਵਾਰ ਨੂੰ ਇਕ-ਇਕ ਕਰੋੜ ਰੁਪਏ ਦੇ ਚੈੱਕ ਸੌਂਪੇ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦਾ ਇਹ ਉਪਰਾਲਾ ਸੂਬੇ ਵਿਚ ਅਮਨ-ਕਾਨੂੰਨ ਕਾਇਮ ਰੱਖਣ ਲਈ ਇਨ੍ਹਾਂ ਸੂਰਬੀਰ ਯੋਧਿਆਂ ਦੇ ਵੱਡਮੁੱਲੇ ਯੋਗਦਾਨ ਦੇ ਸਤਿਕਾਰ ਵਜੋਂ ਹੈ। ਦੇਸ਼ ਸੇਵਾ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਸੈਨਿਕਾਂ ਦੇ ਪਰਿਵਾਰਾਂ ਦੀ ਮਦਦ ਲਈ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਮੁੱਢਲਾ ਫ਼ਰਜ਼ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਉਪਰਾਲਾ ਦੇਸ਼ ਖਾਤਰ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰਾਂ ਦੇ ਅਥਾਹ ਯੋਗਦਾਨ ਦੇ ਸਤਿਕਾਰ ਵਜੋਂ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸੂਬੇ ਦੀ ਇਹ ਪਹਿਲ ਇਕ ਪਾਸੇ ਪੀੜਤ ਪਰਿਵਾਰਾਂ ਦੀ ਮਦਦ ਕਰਨ ਅਤੇ ਦੂਜੇ ਪਾਸੇ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਵਿਚ ਮਦਦਗਾਰ ਸਾਬਿਤ ਹੋਵੇਗੀ।
ਭਗਵੰਤ ਸਿੰਘ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਇਸ ਨਾਲ ਨੌਜਵਾਨ ਹਥਿਆਰਬੰਦ ਬਲਾਂ ਅਤੇ ਪੰਜਾਬ ਪੁਲਿਸ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਲਈ ਉਤਸ਼ਾਹਿਤ ਹੋਣਗੇ।

