ਕਿਹਾ -ਪੰਜਾਬ ਨੂੰ ਜਾਣਬੁੱਝ ਕੇ ਬਦਨਾਮ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਦੇਸ਼ ਨਿਕਾਲੇ ਗਏ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਜਾਣ ਵਾਲੇ ਅਮਰੀਕੀ ਫੌਜੀ ਜਹਾਜ਼ ਦੇ ਉਤਰਨ ‘ਤੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਅੰਮ੍ਰਿਤਸਰ ਨੂੰ ਉਡਾਨਾਂ ਉਤਾਰਣ ਵਜੋਂ ਚੁਣ ਕੇ ਪੰਜਾਬ ਦੀ ਛਵੀ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਦੱਸ ਦੇਈਏ ਕਿ ਬੀਤੇ ਦਿਨੀਂ 104 ਦੇਸ਼ ਨਿਕਾਲੇ ਗਏ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਪਹਿਲਾ ਜਹਾਜ਼ ਅੰਮ੍ਰਿਤਸਰ ਵਿੱਚ ਉਤਰਿਆ। ਇਨ੍ਹਾਂ ਵਿੱਚੋਂ 33 ਗੁਜਰਾਤ ਦੇ, 33 ਹਰਿਆਣਾ ਦੇ, 30 ਪੰਜਾਬ ਦੇ, 2 ਮਹਾਰਾਸ਼ਟਰ ਦੇ ਅਤੇ ਕਈ ਹੋਰ ਰਾਜਾਂ ਦੇ ਸਨ। ਹੁਣ, ਦੂਜਾ ਜਹਾਜ਼ ਵੀ ਅੰਮ੍ਰਿਤਸਰ ਵਿੱਚ ਉਤਰਨ ਲਈ ਤਿਆਰ ਹੈ। ਅੰਮ੍ਰਿਤਸਰ ਹਵਾਈ ਅੱਡੇ ਦੀ ਚੋਣ ਕਰਨ ਦੇ ਮਾਪਦੰਡ ਕੀ ਹਨ। ਸੀਐਮ ਮਾਨ ਨੇ ਕਿਹਾ ਕਿ ਇਹ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਪੱਸ਼ਟ ਕੋਸ਼ਿਸ਼ ਹੈ।
ਉਨ੍ਹਾਂ ਕਿਹਾ ਕਿ ਦੇਸ਼ ਨਿਕਾਲੇ ਨੂੰ ਪੰਜਾਬ-ਕੇਂਦ੍ਰਿਤ ਮੁੱਦਾ ਕਿਉਂ ਬਣਾਇਆ ਜਾ ਰਿਹਾ ਹੈ ਜਦੋਂ ਕਿ ਇਹ ਇੱਕ ਰਾਸ਼ਟਰੀ ਚਿੰਤਾ ਸੀ। ਭਾਰਤ ਵੱਲੋਂ ਸਥਿਤੀ ਨਾਲ ਨਜਿੱਠਣ ਵੱਲ ਧਿਆਨ ਖਿੱਚਦੇ ਹੋਏ, ਉਨ੍ਹਾਂ ਇਸਦੀ ਤੁਲਨਾ ਕੋਲੰਬੀਆ ਨਾਲ ਕੀਤੀ, ਜਿਸਨੇ ਆਪਣੇ ਡਿਪੋਰਟ ਕੀਤੇ ਨਾਗਰਿਕਾਂ ਨੂੰ ਪ੍ਰਾਪਤ ਕਰਨ ਲਈ ਆਪਣਾ ਜਹਾਜ਼ ਭੇਜਿਆ। “ਭਾਰਤ ਅਮਰੀਕੀ ਫੌਜੀ ਜਹਾਜ਼ਾਂ ਨੂੰ ਸਰਹੱਦੀ ਰਾਜ ਅੰਮ੍ਰਿਤਸਰ ’ਚ ਉਤਰਨ ਦੀ ਇਜਾਜ਼ਤ ਕਿਉਂ ਦੇ ਰਿਹਾ ਹੈ? ਸਾਡੇ ਕੋਲ ਆਪਣੇ ਲੋਕਾਂ ਨੂੰ ਵਾਪਸ ਲਿਆਉਣ ਦੀ ਸਮਰੱਥਾ ਹੈ।”
ਮੁੱਖ ਮੰਤਰੀ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ‘ਤੇ ਬੋਲਦੇ ਕਿਹਾ ਕਿ ਪੀਐਮ ਮੋਦੀ ਦੇ ਦੋਸਤ ਟਰੰਪ ਨੇ ਮੋਦੀ ਨੂੰ ਵਧੀਆ ਗਿਫ਼ਟ ਦੇਕੇ ਤੋਰਿਆ ਹੈ। ਉਨ੍ਹਾਂ ਨੇ ਦੇਸ਼ ਨਿਕਾਲੇ ਦੀਆਂ ਉਡਾਣਾਂ ਦੇ ਸਮੇਂ ‘ਤੇ ਸਵਾਲ ਉਠਾਏ। “ਜਦੋਂ ਪ੍ਰਧਾਨ ਮੰਤਰੀ ਮੋਦੀ ਡੋਨਾਲਡ ਟਰੰਪ ਨਾਲ ਵਿਚਾਰ ਵਟਾਂਦਰੇ ਵਿੱਚ ਸਨ, ਤਾਂ ਭਾਰਤੀ ਪ੍ਰਵਾਸੀਆਂ ਨੂੰ ਹੱਥਕੜੀਆਂ ਲਗਾ ਕੇ ਵਾਪਸ ਭੇਜਿਆ ਜਾ ਰਿਹਾ ਸੀ। ਉਨ੍ਹਾਂ ਨੇ ਟਿੱਪਣੀ ਕਰਦਿਆਂ ਕਿਹਾ ਕ ਇਹ ਡਿਪੋਰਟੇਸ਼ਨ ਫਲਾਈਟ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕਾ ਤੋਂ ਵਾਪਸੀ ਦੇ ਨਾਲ ‘ਤੋਹਫ਼ਾ’ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਹਿਲੀ ਉਡਾਣ ਗੁਜਰਾਤ ’ਚ ਕਿਉਂ ਨਹੀਂ ਉਤਰੀ ਗਈ, ਜਿੱਥੋਂ 33 ਨੌਜਵਾਨ ਡਿਪੋਰਟ ਸਨ। “ਹੁਣ ਉਹ ਦਾਅਵਾ ਕਰਦੇ ਹਨ ਕਿ ਦੂਜੀ ਉਡਾਣ ’ਚ 119 ਡਿਪੋਰਟਾਂ ’ਚੋਂ 67 ਪੰਜਾਬ ਤੋਂ ਹਨ। ਪਰ ਜਦੋਂ ਪਹਿਲੀ ਉਡਾਣ ’ਚ ਗੁਜਰਾਤ ਤੋਂ 33 ਸਨ, ਤਾਂ ਉਨ੍ਹਾਂ ਨੂੰ ਉੱਥੇ ਕਿਉਂ ਨਹੀਂ ਭੇਜਿਆ ਗਿਆ? ਜੇਕਰ ਹਰ ਚੀਜ਼ ਲਈ ਅੰਮ੍ਰਿਤਸਰ ਨੂੰ ਚੁਣਿਆ ਜਾਣਾ ਸੀ ਤਾਂ ਰਾਫੇਲ ਜੈੱਟ ਅੰਮ੍ਰਿਤਸਰ ’ਚ ਕਿਉਂ ਨਹੀਂ ਉਤਰੇ।
ਇਸ ਕਦਮ ਦੀ ਨਿੰਦਾ ਕਰਦੇ ਹੋਏ, ਮਾਨ ਨੇ ਗ੍ਰਹਿ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਨੂੰ ਇਨ੍ਹਾਂ ਉਡਾਣਾਂ ਲਈ ਲੈਂਡਿੰਗ ਸਥਾਨ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ।
