ਵਿਸ਼ਵ ਕੱਪ 2023 ਵਿੱਚ ਆਪਣੀ ਕਹਿਰ ਵਰਾਉਂਦੀ ਗੇਂਦਬਾਜ਼ੀ ਨਾਲ ਵਿਕਟਾਂ ਦੀ ਝੜੀ ਲਗਾ ਕੇ ਰਿਕਾਰਡ ਬਣਾਉਣ ਵਾਲੇ ਤਜਰਬੇਕਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਇੱਕ ਹੋਰ ਵੱਡੀ ਉਪਲਬਧੀ ਹਾਸਲ ਕਰ ਲਈ ਹੈ। ਵਿਸ਼ਵ ਕੱਪ ਤੋਂ ਬਾਅਦ ਆਪਣਾ ਪਹਿਲਾ ਆਈਸੀਸੀ ਟੂਰਨਾਮੈਂਟ ਖੇਡ ਰਹੇ ਸ਼ਮੀ ਨੇ ਚੈਂਪੀਅਨਜ਼ ਟਰਾਫੀ ਵਿੱਚ ਟੀਮ ਇੰਡੀਆ ਦੇ ਪਹਿਲੇ ਮੈਚ ਵਿੱਚ 3 ਵਿਕਟਾਂ ਲੈ ਕੇ ਇੱਕ ਰੋਜ਼ਾ ਕ੍ਰਿਕਟ ਵਿੱਚ ਆਪਣੀਆਂ 200 ਵਿਕਟਾਂ ਪੂਰੀਆਂ ਕਰ ਲਈਆਂ ਹਨ। ਇਸ ਦੇ ਨਾਲ ਹੀ ਉਹ ਇਹ ਉਪਲਬਧੀ ਹਾਸਲ ਕਰਨ ਵਾਲੇ ਸਭ ਤੋਂ ਤੇਜ਼ ਭਾਰਤੀ ਗੇਂਦਬਾਜ਼ ਬਣ ਗਏ ਹਨ।
ਸਭ ਤੋਂ ਘੱਟ ਗੇਂਦਾਂ ‘ਤੇ 200 ਵਿਕਟਾਂ ਲੈਣ ਦਾ ਵਿਸ਼ਵ ਰਿਕਾਰਡ
ਦੁਬਈ ਵਿੱਚ ਬੰਗਲਾਦੇਸ਼ ਖ਼ਿਲਾਫ਼ ਚੈਂਪੀਅਨਜ਼ ਟਰਾਫੀ 2025 ਦੇ ਇਸ ਮੈਚ ਤੋਂ ਪਹਿਲਾਂ, ਸ਼ਮੀ ਨੂੰ 200 ਵਿਕਟਾਂ ਪੂਰੀਆਂ ਕਰਨ ਲਈ 3 ਵਿਕਟਾਂ ਦੀ ਲੋੜ ਸੀ। ਆਪਣੇ 12 ਸਾਲਾਂ ਦੇ ਲੰਬੇ ਕਰੀਅਰ ਵਿੱਚ ਪਹਿਲੀ ਵਾਰ ਚੈਂਪੀਅਨਜ਼ ਟਰਾਫੀ ਮੈਚ ਖੇਡ ਰਹੇ ਸ਼ਮੀ ਨੇ ਨਿਰਾਸ਼ ਨਹੀਂ ਕੀਤਾ ਅਤੇ ਪਹਿਲੇ ਹੀ ਓਵਰ ਵਿੱਚ ਵਿਕਟ ਲੈ ਕੇ ਇਸ ਰਿਕਾਰਡ ਵੱਲ ਵੱਧ ਗਏ। ਫਿਰ ਆਪਣੇ ਚੌਥੇ ਓਵਰ ਵਿੱਚ ਵੀ, ਸ਼ਮੀ ਨੇ ਕਮਾਲ ਕੀਤਾ ਅਤੇ ਬੰਗਲਾਦੇਸ਼ ਦੀ ਤੀਜੀ ਵਿਕਟ ਜਦਿਕ ਆਪਣਾ ਦੂਜਾ ਵਿਕਟ ਲਿਆ।
ਫਿਰ ਕੁਝ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ, ਸ਼ਮੀ ਨੇ ਜ਼ਾਕਿਰ ਅਲੀ ਨੂੰ ਆਊਟ ਕਰਕੇ ਨਾ ਸਿਰਫ਼ 154 ਦੌੜਾਂ ਦੀ ਵੱਡੀ ਸਾਂਝੇਦਾਰੀ ਤੋੜੀ, ਸਗੋਂ ਆਪਣੀਆਂ 200 ਵਿਕਟਾਂ ਵੀ ਪੂਰੀਆਂ ਕੀਤੀਆਂ। 2013 ਵਿੱਚ ਆਪਣਾ ਇੱਕ ਰੋਜ਼ਾ ਡੈਬਿਊ ਕਰਨ ਵਾਲੇ ਸ਼ਮੀ ਨੇ ਆਪਣੇ 104ਵੇਂ ਮੈਚ ਵਿੱਚ 200 ਵਿਕਟਾਂ ਪੂਰੀਆਂ ਕੀਤੀਆਂ। ਇਸ ਦੇ ਨਾਲ, ਉਹ ਵਨਡੇ ਕ੍ਰਿਕਟ ਵਿੱਚ 200 ਵਿਕਟਾਂ ਲੈਣ ਵਾਲੇ ਸਭ ਤੋਂ ਤੇਜ਼ ਗੇਂਦਬਾਜ਼ ਬਣ ਗਏ। ਸ਼ਮੀ ਨੇ 5126 ਗੇਂਦਾਂ ਵਿੱਚ ਇਹ ਕਾਰਨਾਮਾ ਕਰਕੇ ਵਿਸ਼ਵ ਰਿਕਾਰਡ ਤੋੜ ਦਿੱਤਾ। ਇਸ ਤੋਂ ਪਹਿਲਾਂ ਇਹ ਪ੍ਰਾਪਤੀ ਆਸਟ੍ਰੇਲੀਆਈ ਦਿੱਗਜ ਮਿਸ਼ੇਲ ਸਟਾਰਕ (5240 ਗੇਂਦਾਂ) ਦੇ ਨਾਮ ਸੀ।
ਅਜੀਤ ਅਗਰਕਰ ਨੂੰ ਛੱਡਿਆ ਪਿੱਛੇ
ਜੇਕਰ ਅਸੀਂ ਮੈਚਾਂ ਦੇ ਲਿਹਾਜ ਨਾਲ ਦੇਖੀਏ ਤਾਂ ਸ਼ਮੀ ਦੁਨੀਆ ਦੇ ਦੂਜਾ ਸਭ ਤੋਂ ਤੇਜ਼ ਗੇਂਦਬਾਜ਼ ਬਣ ਗਏ ਹਨ। ਸਿਰਫ਼ ਸਟਾਰਕ (102 ਮੈਚ) ਹਨ। ਜਦੋਂ ਕਿ ਦਿੱਗਜ ਪਾਕਿਸਤਾਨੀ ਸਪਿਨਰ ਸਕਲੈਨ ਮੁਸ਼ਤਾਕ ਨੇ ਵੀ 104 ਮੈਚਾਂ ਵਿੱਚ ਇਹ ਉਪਲਬਧੀ ਹਾਸਲ ਕੀਤੀ ਹੈ। ਪਰ ਭਾਰਤ ਵੱਲੋਂ ਸਭ ਤੋਂ ਘੱਟ ਮੈਚਾਂ ਵਿੱਚ 200 ਵਿਕਟਾਂ ਲੈਣ ਦਾ ਰਿਕਾਰਡ ਸ਼ਮੀ ਦੇ ਨਾਮ ਹੋ ਗਿਆ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਭਾਰਤ ਲਈ ਅਜੀਤ ਅਗਰਕਰ ਦੇ ਨਾਂ ਸੀ, ਜਿਨ੍ਹਾਂ ਨੇ 133 ਮੈਚਾਂ ਵਿੱਚ ਇਹ ਉਪਲਬਧੀ ਹਾਸਲ ਕੀਤੀ ਸੀ।
ICC ਈਵੈਂਟਸ ਵਿੱਚ ਵੀ ਸਭ ਤੋਂ ਵੱਧ ਵਿਕਟਾਂ
ਸ਼ਮੀ ਸਿਰਫ਼ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਇੱਕ ਰੋਜ਼ਾ-ਟੀ-20 ਆਈਸੀਸੀ ਮੁਕਾਬਲਿਆਂ ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਵੀ ਬਣਾਇਆ। ਹੁਣ ਤੱਕ ਇਹ ਰਿਕਾਰਡ ਸਾਬਕਾ ਦਿੱਗਜ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਦੇ ਨਾਂ ਸੀ, ਜਿਨ੍ਹਾਂ ਨੇ ਵਿਸ਼ਵ ਕੱਪ ਅਤੇ ਚੈਂਪੀਅਨਜ਼ ਟਰਾਫੀ ਵਿੱਚ 71 ਵਿਕਟਾਂ ਲਈਆਂ ਸਨ। ਸ਼ਮੀ ਨੇ ਵਿਸ਼ਵ ਕੱਪ, ਚੈਂਪੀਅਨਜ਼ ਟਰਾਫੀ ਅਤੇ ਟੀ-20 ਵਿਸ਼ਵ ਕੱਪ ਵਿੱਚ ਕੁੱਲ 73 ਵਿਕਟਾਂ ਲੈ ਕੇ ਜ਼ਹੀਰ ਨੂੰ ਪਿੱਛੇ ਛੱਡ ਦਿੱਤਾ। ਸ਼ਮੀ ਨੇ ਇਹ ਕਾਰਨਾਮਾ ਸਿਰਫ਼ 33 ਮੈਚਾਂ ਵਿੱਚ ਕੀਤਾ ਹੈ। ਜੇਕਰ ਅਸੀਂ ਸਿਰਫ਼ ਵਿਸ਼ਵ ਕੱਪ ਅਤੇ ਚੈਂਪੀਅਨਜ਼ ਟਰਾਫੀ ਦੀ ਗੱਲ ਕਰੀਏ ਤਾਂ ਸ਼ਮੀ ਨੇ ਸਿਰਫ਼ 19 ਮੈਚਾਂ ਵਿੱਚ 59 ਵਿਕਟਾਂ ਲਈਆਂ ਹਨ।
