ਮਾਸੀ ਨੇ ਲੜਕੀ ਨੂੰ ਬੀਕਾਨੇਰ ’ਚ 3 ਲੱਖ ਵੇਚਿਆ

ਖ਼ਰੀਦਦਾਰ ਮਹੀਨੇ ਤੱਕ ਕਰਦਾ ਰਿਹਾ ਜਿਨਸੀ ਸ਼ੋਸ਼ਣ

ਅਬੋਹਰ ’ਚ ਮਨੁੱਖੀ ਸਮੱਗਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਅਬੋਹਰ ਸਿਟੀ ਵਨ ਦੇ ਅਧੀਨ ਆਉਣ ਵਾਲੇ ਇਕ ਇਲਾਕੇ ਦੀ ਔਰਤ ਨੂੰ ਉਸਦੀ ਆਪਣੀ ਮਾਸੀ ਨੇ ਅਬੋਹਰ ਦੇ ਅਜ਼ੀਮਗੜ੍ਹ ਦੇ ਕੁਝ ਲੋਕਾਂ ਨਾਲ ਮਿਲ ਕੇ ਬੀਕਾਨੇਰ ਦੇ ਇਕ ਆਦਮੀ ਨੂੰ 3 ਲੱਖ ਰੁਪਏ ’ਚ ਵੇਚ ਦਿੱਤਾ। ਜਿੱਥੇ ਖ਼ਰੀਦਦਾਰ ਨੇ ਲਗਭਗ ਇਕ ਮਹੀਨੇ ਤੱਕ ਔਰਤ ਦਾ ਜਿਨਸੀ ਸ਼ੋਸ਼ਣ ਕੀਤਾ। ਔਰਤ ਕਿਸੇ ਤਰ੍ਹਾਂ ਆਪਣੇ ਪਰਿਵਾਰ ਦੀ ਮਦਦ ਨਾਲ ਇੱਥੇ ਪਹੁੰਚ ਗਈ ਅਤੇ ਉਸਦੇ ਪਰਿਵਾਰ ਨੇ ਉਸਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਅਨੁਸਾਰ 26 ਸਾਲਾ ਲੜਕੀ ਨੇ ਦੱਸਿਆ ਕਿ ਉਸਦਾ ਵਿਆਹ ਪੀਲੀਬੰਗਾ ਦੇ ਇਕ ਨੌਜਵਾਨ ਨਾਲ ਹੋਇਆ ਸੀ। ਇੱਥੇ ਉਹ ਕੁਝ ਸਮੇਂ ਤੋਂ ਪੇਕੇ ਪਰਿਵਾਰ ਨਾਲ ਰਹਿ ਰਹੀ ਹੈ ਅਤੇ ਉਸਦੀ ਇਕ ਲਗਭਗ 7 ਸਾਲ ਦੀ ਧੀ ਵੀ ਹੈ। ਪੀੜਤਾ ਨੇ ਦੱਸਿਆ ਕਿ ਪਰਿਵਾਰ ਲਈ ਰੋਜ਼ੀ-ਰੋਟੀ ਕਮਾਉਣ ਲਈ ਉਹ ਅਕਸਰ ਆਪਣੀ ਇਕ ਮਾਸੀ, ਜੋ ਬਕਾਂਵਾਲਾ ਦੀ ਰਹਿਣ ਵਾਲੀ ਹੈ, ਨਾਲ ਕਿੰਨੂ ਤੋੜਨ ਲਈ ਬਾਗਾਂ ’ਚ ਜਾਂਦੀ ਹੈ।
ਪੀੜਤਾ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਜਦੋਂ ਉਹ ਆਪਣੀ ਧੀ ਨਾਲ ਆਪਣੀ ਮਾਸੀ ਕੋਲ ਰਹਿਣ ਗਈ ਸੀ, ਤਾਂ ਉਸਦੀ ਮਾਸੀ ਨੇ ਇਕ ਡੂੰਘੀ ਸਾਜ਼ਿਸ਼ ਤਹਿਤ ਉਸਨੂੰ ਵੇਚਣ ਦੀ ਯੋਜਨਾ ਬਣਾਈ। ਕਥਿਤ ਦੋਸ਼ ਦੇ ਅਨੁਸਾਰ ਉਸਦੀ ਮਾਸੀ ਉਸਨੂੰ ਜਣੇਪੇ ਦੇ ਬਹਾਨੇ ਅਜ਼ੀਮਗੜ੍ਹ ਲੈ ਆਈ, ਜਿੱਥੇ ਉੱਥੇ ਮੌਜੂਦ ਪੰਜ ਨੌਜਵਾਨ ਉਸਨੂੰ ਕੋਈ ਨਸ਼ੀਲੀ ਚੀਜ਼ ਪਿਲਾ ਕੇ ਉਸ ਨੂੰ ਰੇਲਗੱਡੀ ਰਾਹੀਂ ਬੀਕਾਨੇਰ ਲੈ ਗਏ, ਜਿੱਥੇ ਉਸਦੀ ਮਾਸੀ ਨੇ ਉਸਨੂੰ 12 ਖ਼ੁਰਦ ਹੌਸੀਆ, ਬੀਕਾਨੇਰ ਵਿਖੇ ਰਹਿਣ ਵਾਲੇ ਇਕ ਵਿਅਕਤੀ ਨੂੰ ਵੇਚ ਦਿੱਤਾ।

ਪੀੜਤਾ ਨੇ ਦੋਸ਼ ਲਗਾਇਆ ਕਿ ਉਕਤ ਵਿਅਕਤੀ ਨੇ ਉਸਨੂੰ ਲਗਭਗ ਇਕ ਮਹੀਨੇ ਤੱਕ ਆਪਣੇ ਘਰ ’ਚ ਬੰਧਕ ਬਣਾ ਕੇ ਰੱਖਿਆ ਅਤੇ ਉਸਨੂੰ ਆਪਣੇ ਘਰ ਅਤੇ ਖੇਤ ’ਚ ਲੈ ਜਾਂਦਾ ਰਿਹਾ ਅਤੇ ਉਸਦਾ ਜਿਨਸੀ ਸ਼ੋਸ਼ਣ ਕਰਦਾ ਰਿਹਾ।

ਪਿਛਲੇ ਦਿਨ ਕਿਸੇ ਤਰ੍ਹਾਂ ਉਸਨੇ ਕਿਸੇ ਦਾ ਫ਼ੋਨ ਲਿਆ ਅਤੇ ਆਪਣੇ ਪਰਿਵਾਰ ਨੂੰ ਇਸ ਬਾਰੇ ਸੂਚਿਤ ਕੀਤਾ ਅਤੇ ਉਨ੍ਹਾਂ ਨੂੰ ਬੀਕਾਨੇਰ ’ਚ ਹੋਣ ਬਾਰੇ ਦੱਸਿਆ, ਜਿਸ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰ ਅਤੇ ਪੰਚਾਇਤ ਉੱਥੇ ਪਹੁੰਚੀ ਅਤੇ ਉਸਨੂੰ ਉਕਤ ਵਿਅਕਤੀ ਦੇ ਚੁੰਗਲ ਤੋਂ ਛੁਡਾਇਆ ਗਿਆ, ਉਸਨੂੰ ਇੱਥੇ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੀੜਤਾ ਨੇ ਕਥਿਤ ਤੌਰ ’ਤੇ ਦੋਸ਼ ਲਗਾਇਆ ਕਿ ਉਸਦੀ ਮਾਸੀ ਵੀ ਮਨੁੱਖੀ ਸਮੱਗਲਰਾਂ ਨਾਲ ਜੁੜੀ ਹੋਈ ਹੈ ਅਤੇ ਉਹੀ ਕੰਮ ਕਰਦੀ ਹੈ।

Leave a Reply

Your email address will not be published. Required fields are marked *