ਬੱਚਿਆਂ ਨੂੰ ਗੁਰਬਾਣੀ ਨਾਲ ਜੋੜੋ ਅਤੇ ਯੋਧਿਆਂ ਦੀਆਂ ਗਾਥਾਵਾਂ ਸੁਣਾਓ : ਸਤਿਗੁਰੂ ਉਦੇ ਸਿੰਘ ਜੀ

ਮਾਲੇਰਕੋਟਲਾ – ਦੇਸ਼ ਦੀ ਆਜ਼ਾਦੀ ਲਈ ਮਾਲੇਰਕੋਟਲਾ ਵਿਖੇ ਤੋਪਾਂ ਅੱਗੇ ਖੜ੍ਹ ਕੇ ਸ਼ਹਾਦਤ ਦਾ ਜਾਮ ਪੀਣ ਵਾਲੇ 66 ਨਾਮਧਾਰੀ ਸ਼ਹੀਦਾਂ ਦੀ ਯਾਦ ’ਚ ਨਾਮਧਾਰੀ ਮੁਖੀ ਸ਼੍ਰੀ ਸਤਿਗੁਰੂ ਉਦੇ ਸਿੰਘ ਜੀ ਦੀ ਹਜ਼ੂਰੀ ’ਚ ਨਾਮਧਾਰੀ ਸ਼ਹੀਦੀ ਸਮਾਰਕ ਮਾਲੇਰਕੋਟਲਾ ਵਿਖੇ 153ਵਾਂ ਮਹਾਨ ਸ਼ਹੀਦੀ ਸਮਾਗਮ ਹੋਇਆ। ਸਵੇਰੇ ਆਸਾ ਜੀ ਦੀ ਵਾਰ ਦੇ ਕੀਰਤਨ ਉਪਰੰਤ ਵਲਟੋਹੇ ਦੇ ਕਵੀਸ਼ਰੀ ਜੱਥੇ ਨੇ ਸੰਗਤ ਨੂੰ ਗੁਰ ਇਤਹਾਸ ਨਾਲ ਜੋੜਿਆ।
ਜਥੇਦਾਰ ਨਿਸ਼ਾਨ ਸਿੰਘ ਦਿੱਲੀ ਤੇ ਜਥੇਦਾਰ ਗੁਰਲਾਲ ਸਿੰਘ ਭੈਣੀ ਸਾਹਿਬ ਨੇ ਦੀਵਾਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਹਜ਼ੂਰੀ ਰਾਗੀ ਹਰਬੰਸ ਸਿੰਘ ਘੁੱਲਾ ਦੇ ਜੱਥੇ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ। ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਾਮਰੇਡ ਸਵਰਨ ਸਿੰਘ ਵਿਰਕ ਤੇ ਸੰਤ ਨਿਸ਼ਾਨ ਸਿੰਘ ਨੇ ਆਖਿਆ ਕਿ 1849 ਈਸਵੀ ਨੂੰ ਪੰਜਾਬ ਅੰਗਰੇਜ਼ ਹਕੂਮਤ ਦਾ ਹਿੱਸਾ ਬਣ ਗਿਆ ਸੀ।
ਉਨ੍ਹਾਂ ਨੇ ਹਿੰਦੂ, ਮੁਸਲਮਾਨ ਤੇ ਸਿੱਖਾਂ ’ਚ ਪਾੜਾ ਪਾਉਣ ਲਈ ਬੁੱਚੜਖਾਨੇ ਖੋਲ੍ਹ ਕੇ ਫਿਰਕੂ ਪੱਤਾ ਖੋਲ੍ਹਿਆ ਸੀ। ਸਾਬਕਾ ਮੰਤਰੀ ਮਲਕੀਤ ਦਾਖਾ, ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਤੇ ਮਹੰਤ ਹਰਪਾਲ ਦਾਸ ਨੇ ਆਖਿਆ ਕਿ ਸ਼ਹੀਦ ਦੇਸ਼ ਕੌਮ ਦਾ ਸਰਮਾਇਆ ਹੁੰਦੇ ਹਨ। ਅਜਿਹੀ ਲਾਸਾਨੀ ਕੁਰਬਾਨੀ ਦੁਨੀਆ ’ਚ ਕਿਧਰੇ ਨਹੀਂ ਮਿਲਦੀ। ਸਾਡਾ ਰੋਮ-ਰੋਮ ਸਤਿਗੁਰੂ ਰਾਮ ਸਿੰਘ ਜੀ ਦਾ ਰਿਣੀ ਹੈ।
ਸ਼ਹੀਦਾਂ ਦੀ ਬਦੌਲਤ ਸਾਨੂੰ ਆਜ਼ਾਦੀ ਮਿਲੀ : ਅਮਨ ਅਰੋੜਾ
ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਆਖਿਆ ਕਿ ਇਨ੍ਹਾਂ ਸ਼ਹੀਦਾਂ ਦੀ ਬਦੌਲਤ ਸਾਨੂੰ ਆਜ਼ਾਦੀ ਮਿਲੀ। ਉਨ੍ਹਾਂ ਅੰਦਰ ਦੇਸ਼ ਭਗਤੀ ਦਾ ਇਨ੍ਹਾ ਜਜ਼ਬਾ ਸੀ ਕਿ ਭੱਜ-ਭੱਜ ਕੇ ਤੋਪਾਂ ਅੱਗੇ ਖੜ੍ਹਦੇ ਸਨ।
ਸਤਿਗੁਰੂ ਰਾਮ ਸਿੰਘ ਜੀ ਨੇ ਦੇਸ਼ ਦੀ ਆਜ਼ਾਦੀ ਦਾ ਮੁੱਢ ਬੰਨ੍ਹਿਆ : ਹਰਦੀਪ ਮੁੰਡੀਆਂ
ਕੈਬਨਿਟ ਮੰਤਰੀ ਹਰਦੀਪ ਮੁੰਡੀਆਂ ਨੇ ਆਖਿਆ ਕਿ ਸਤਿਗੁਰੂ ਰਾਮ ਸਿੰਘ ਜੀ ਨੇ ਦੇਸ਼ ਦੀ ਆਜ਼ਾਦੀ ਦਾ ਮੁੱਢ ਬੰਨ੍ਹਿਆ। ਉਨ੍ਹਾਂ ਨੇ ਉਸ ਵੇਲੇ ਦੀਆਂ ਸਮਾਜਿਕ ਕੁਰੀਤੀਆਂ ਬੰਦ ਕਰਵਾਈਆਂ। ਸ੍ਰੀ ਅੰਮ੍ਰਿਤਸਰ, ਰਾਏਕੋਟ ਤੇ ਲੁਧਿਆਣਾ ਵਿਖੇ 9 ਨਾਮਧਾਰੀ ਸਿੰਘਾਂ ਨੂੰ ਫਾਸੀਆਂ ਲਾ ਕੇ ਮਾਲੇਰਕੋਟਲਾ ਵਿਖੇ 65 ਸਿੰਘਾਂ ਨੂੰ ਤੋਪਾਂ ਨਾਲ ਅਤੇ 12 ਸਾਲ ਦੇ ਬੱਚੇ ਨੂੰ ਤਲਵਾਰ ਨਾਲ ਸ਼ਹੀਦ ਕੀਤਾ ਗਿਆ।
ਸਤਿਗੁਰੂ ਉਦੇ ਸਿੰਘ ਜੀ ਨੇ ਸੰਗਤਾਂ ਨੂੰ ਪਵਿੱਤਰ ਉਪਦੇਸ਼ ਦਿੰਦਿਆਂ ਆਖਿਆ ਕਿ ਸਤਿਗੁਰੂ ਰਾਮ ਸਿੰਘ ਜੀ ਦਾ ਸੁਪਨਾ ਸੀ ਆਜ਼ਾਦ ਭਾਰਤ ’ਚ ਕੋਈ ਭੁੱਖਾ ਨਾ ਸੋਵੇ, ਹਰੇਕ ਕੋਲ ਛੱਤ ਹੋਵੇ, ਕੋਈ ਲਾਲਚੀ ਨਾ ਹੋਵੇ।
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਖਤਮ ਹੋ ਗਈ ਸੀ। ਸਤਿਗੁਰੂ ਰਾਮ ਸਿੰਘ ਜੀ ਨੇ ਉਸ ਨੂੰ ਮੁੜ ਸੁਰਜੀਤ ਕੀਤਾ। ਭਾਈ ਰਾਏ ਸਿੰਘ ਨੂੰ ਨਾਂਦੇੜ ਭੇਜ ਕੇ ਮਰਿਆਦਾ ਮੰਗਵਾਈ ਤੇ ਸਿੱਖੀ ਦਾ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੋ ਅਤੇ ਉਨ੍ਹਾਂ ਨੂੰ ਆਪਣੇ ਸ਼ਹੀਦਾਂ ਦੀਆਂ ਗਾਥਾਵਾਂ ਸੁਣਾਓ। ਮੰਚ ਦਾ ਸੰਚਾਲਨ ਨਾਮਧਾਰੀ ਦਰਬਾਰ ਦੇ ਪ੍ਰਧਾਨ ਸੂਬਾ ਬਲਵਿੰਦਰ ਸਿੰਘ ਝੱਲ ਨੇ ਕੀਤਾ।
