ਅੰਮ੍ਰਿਤਸਰ, :-ਪੰਜਾਬ ਵਿਜੀਲੈਂਸ ਬਿਊਰੋ ਨੇ ਈ. ਵੀ. ਐੱਸ. ਦੱਖਣੀ ਅੰਮ੍ਰਿਤਸਰ ਵਿਚ ਤਾਇਨਾਤ ਏ. ਐੱਸ. ਆਈ. ਗੁਰਮੀਤ ਕੌਰ ਅਤੇ ਉਸ ਦੇ ਸਾਥੀ ਹਰਪ੍ਰੀਤ ਸਿੰਘ ਨੂੰ 40 ਹਜ਼ਾਰ ਰੁਪਏ ਲੈਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ।
ਵਿਜੀਲੈਂਸ ਬਿਊਰੋ ਦੇ ਐੱਸ. ਐੱਸ. ਪੀ. ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਪਿੰਡ ਵਜ਼ੀਰ ਭੁੱਲਰ, ਤਹਿਸੀਲ ਬਾਬਾ ਬਕਾਲਾ ਅੰਮ੍ਰਿਤਸਰ ਦੇ ਵਸਨੀਕ ਸਿਕੰਦਰ ਸਿੰਘ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਅਾਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਸ਼ਿਕਾਇਤ ਵਿਚ ਦੋਸ਼ ਲਗਾਇਆ ਗਿਆ ਹੈ ਕਿ ਉਕਤ ਮਹਿਲਾ ਏ. ਐੱਸ. ਆਈ. ਵੱਲੋਂ ਉਸ (ਸ਼ਿਕਾਇਤ ਕਰਤਾ ਦੇ) ਪਿਤਾ ਅਤੇ ਭਰਾ ਦੇ ਹੱਕ ਵਿਚ ਇਕ ਪੁਲਸ ਕੇਸ ਦੀ ਜਾਂਚ ਅਧੀਨ ਕਾਰਵਾਈ ਕਰਨ ਦੇ ਬਦਲੇ 1.50 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ।
ਉਕਤ ਏ. ਐੱਸ. ਆਈ. ਗੁਰਮੀਤ ਕੌਰ ਪਹਿਲਾਂ ਹੀ ਗੂਗਲ ਪੇਅ ਰਾਹੀਂ ਉਸ ਤੋਂ 10,000 ਰੁਪਏ ਲੈ ਚੁੱਕੀ ਸੀ ਅਤੇ ਹੁਣ 40,000 ਰੁਪਏ ਦੀ ਦੂਜੀ ਕਿਸ਼ਤ ਦੀ ਮੰਗ ਕਰ ਰਹੀ ਸੀ।
ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਦੀ ਪੁਸ਼ਟੀ ਹੋਣ ਤੋਂ ਬਾਅਦ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ ਅਤੇ ਏ. ਐੱਸ. ਆਈ. ਦੇ ਸਾਥੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਸ਼ਿਕਾਇਤਕਰਤਾ ਤੋਂ 40,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਵਿਜੀਲੈਂਸ ਅਨੁਸਾਰ ਦੋਵੇਂ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
