ਮਹਾਂਕੁੰਭ ’ਚ ਪ੍ਰੋਗਰਾਮ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ ਹੋਣਗੇ ਲਖਵਿੰਦਰ ਵਡਾਲੀ
ਚੰਡੀਗੜ੍ਹ : ਪ੍ਰਯਾਗਰਾਜ ਵਿਚ ਚੱਲ ਰਹੇ ਮਹਾਂਕੁੰਭ ਵਿਚ ਦੇਸ਼ ਦੇ ਪ੍ਰਸਿੱਧ ਗਾਇਕ, ਸੰਗੀਤਕਾਰ ਅਤੇ ਨ੍ਰਿਤ ਕਲਾਕਾਰ ਆਪਣੀ ਪੇਸ਼ਕਾਰੀ ਦੇਣਗੇ। ਇਸ ਮੌਕੇ ਪ੍ਰਸਿੱਧ ਸੂਫ਼ੀ ਗਾਇਕ ਲਖਵਿੰਦਰ ਵਡਾਲੀ 23 ਜਨਵਰੀ ਨੂੰ ਭਾਰਤ ਸਰਕਾਰ ਵੱਲੋਂ ਕਰਵਾਏ ਜਾ ਰਹੇ ਇਸ ਸੱਭਿਆਚਾਰਕ ਸਮਾਗਮ ’ਚ ਆਪਣੀ ਪੇਸ਼ਕਾਰੀ ਦੇਣਗੇ।
ਜ਼ਿਕਰਯੋਗ ਹੈ ਕਿ ਮਹਾਂਕੁੰਭ ਦੇ ਇਸ ਵਿਸ਼ਾਲ ਮੰਚ ’ਤੇ ਪ੍ਰੋਗਰਾਮ ਕਰਨ ਵਾਲੇ ਲਖਵਿੰਦਰ ਵਡਾਲੀ ਪਹਿਲੇ ਪੰਜਾਬੀ ਕਲਾਕਾਰ ਹੋਣਗੇ। ਇਸ ਤੋਂ ਪਹਿਲਾਂ ਹਿੰਦੀ ਸਿਨੇਮਾ ਦੇ ਪਲੇਬੈਕ ਗਾਇਕ ਅਤੇ ਸੰਗੀਤਕਾਰ ਸ਼ੰਕਰ ਮਹਾਦੇਵਨ ਇਸ ਮੰਚ ’ਤੇ ਪ੍ਰੋਗਰਾਮ ਕਰ ਚੁੱਕੇ ਹਨ। ਭਾਰਤੀ ਕਲਾ ਅਤੇ ਸਭਿਆਚਾਰ ਦੇ ਵਿਸ਼ਾਲ ਮੰਚ ‘ਤੇ ਦੇਸ਼ ਦੇ ਪ੍ਰਸਿੱਧ ਗਾਇਕ ਕੈਲਾਸ਼ ਖੇਰ, ਕਵਿਤਾ ਸੇਠ, ਨਿਤਿਨ ਮੁਕੇਸ਼, ਸੁਰੇਸ਼ ਵਾਡਕਰ, ਹਰੀਹਰਨ, ਕਵਿਤਾ ਕ੍ਰਿਸ਼ਨਾਮੂਰਤੀ ਅਤੇ ਹੋਰ ਬਹੁਤ ਸਾਰੇ ਨਾਮੀ ਕਲਾਕਾਰ ਆਉਣਗੇ, ਜਿਨ੍ਹਾਂ ਵਿਚ ਪੰਜਾਬ ਦੇ ਪ੍ਰਸਿੱਧ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਦਾ ਨਾਂ ਵੀ ਸ਼ਾਮਲ ਹੈ।
ਇਸ ਮਹਾਂਕੁੰਭ ਮੌਕੇ ਸੱਭਿਆਚਾਰਕ ਵਿਸ਼ਾਲ ਮੰਚ ਵਿਤੇ ਪ੍ਰੋਗਰਾਮ 24 ਫਰਵਰੀ ਤੱਕ ਗੰਗਾ ਪੰਡਾਲ ਵਿਚ ਹੋਣਗੇ। ਇਸ ਮੌਕੇ ਸੰਗੀਤ, ਸ਼ਾਸਤਰੀ ਨਾਚ ਅਤੇ ਨਾਟਕੀ ਕਲਾਵਾਂ ਵੀ ਹੋਣਗੀਆਂ ਜੋ ਸ਼ਰਧਾਲੂਆਂ ਨੂੰ ਸ਼ਰਧਾ ਅਤੇ ਵਿਸ਼ਵਾਸ ਦੀ ਇੱਕ ਸ਼ਾਨਦਾਰ ਭਾਵਨਾ ਪ੍ਰਦਾਨ ਕਰਨਗੀਆਂ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਲਖਵਿੰਦਰ ਵਡਾਲੀ ਨੇ ਸਾਲ 2023 ਵਿਚ ਦਿੱਲੀ ਦੇ ਲਾਲ ਕਿਲ੍ਹੇ ’ਤੇ ਭਾਰਤ ਪਰਵ ਮੌਕੇ ਗਾਉਣ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣ ਕੇ ਇਤਿਹਾਸ ਰਚਿਆ ਸੀ। ਇਸਦੇ ਨਾਲ ਹੀ ਸਾਲ 2023 ਵਿਚ ਆਸਟ੍ਰੇਲੀਆ ਦੀ ਐਲਬਰੀ ਸਿਟੀ ‘ਚ ਲਾਈਵ ਸ਼ੋਅ ਹੋਇਆ ਸੀ, ਜਿੱਥੇ ਲਖਵਿੰਦਰ ਵਡਾਲੀ ਐਲਬਰੀ ਸਿਟੀ ਵਿਚ ਗਾਉਣ ਵਾਲੇ ਪਹਿਲੇ ਪੰਜਾਬੀ ਸੂਫ਼ੀ ਗਾਇਕ ਬਣੇ।
ਪੰਜਾਬ ਦੇ ਪ੍ਰਸਿੱਧ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਸੂਫ਼ੀਆਨਾ ਗਾਇਕੀ ਨੂੰ ਸਮਰਪਿਤ ਵਡਾਲੀ ਪਰਿਵਾਰ ’ਚੋਂ ਹਨ। ਲਖਵਿੰਦਰ ਵਡਾਲੀ ਪਦਮਸ਼੍ਰੀ ਉਸਤਾਦ ਪੂਰਨ ਚੰਦ ਵਡਾਲੀ ਦੇ ਬੇਟੇ ਹਨ। ਪਦਮਸ਼੍ਰੀ ਪੂਰਨ ਚੰਦ ਵਡਾਲੀ ਅਤੇ ਮਰਹੂਮ ਪਿਆਰੇ ਲਾਲ ਵਡਾਲੀ, ਜਿਨ੍ਹਾਂ ਨੂੰ ਭਾਰਤ ਦੀ ਸਭ ਤੋਂ ਮਸ਼ਹੂਰ ਸੂਫੀ ਜੋੜੀ ‘ਦਿ ਵਡਾਲੀ ਬ੍ਰਦਰਜ਼’ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਲਖਵਿੰਦਰ ਵਡਾਲੀ ਪਟਿਆਲਾ ਘਰਾਣੇ ਨਾਲ ਸਬੰਧਿਤ ਹਨ ਤੇ ਉਨ੍ਹਾਂ ਨੇ ਆਪਣੀ ਗਾਇਕੀ ਕਰ ਕੇ ਹੁਣ ਤੱਕ ਕਈ ਪੁਰਸਕਾਰ ਵੀ ਹਾਸਲ ਕੀਤੇ ਹਨ, ਜਿਨ੍ਹਾਂ ’ਚ ਸੰਗੀਤ ਨਾਟਕ ਅਕੈਡਮੀ ਐਵਾਰਡ ਵੀ ਸ਼ਾਮਲ ਹੈ।