ਮਲੋਟ ;- ਅੱਜ ਮਲੋਟ-ਸ੍ਰੀ ਮੁਕਤਸਰ ਸਾਹਿਬ ਮਾਰਗ ਉਪਰ ਸਵਾਰੀਆਂ ਨਾਲ ਭਰੀ ਹੋਈ ਇਕ ਰੋਡਵੇਜ਼ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿਚ ਕੰਡਕਟਰ ਸਮੇਤ 9 ਸਵਾਰੀਆਂ ਨੂੰ ਸੱਟਾਂ ਲੱਗੀਆਂ, ਇਹਨਾਂ ਵਿਚੋਂ 7 ਔਰਤਾਂ ਹਨ। ਜ਼ਖ਼ਮੀਆਂ ਨੂੰ ਮਲੋਟ ਦੇ ਸਰਕਾਰੀ ਹਸਪਤਾਲ ਇਲਾਜ ਲਈ ਲਿਆਂਦਾ ਗਿਆ। ਇਸ ਦੌਰਾਨ ਐੱਸ. ਡੀ. ਐੱਮ. ਮਲੋਟ ਡਾ. ਸੰਜੀਵ ਕੁਮਾਰ ਮੌਕੇ ਉਪਰ ਪੁੱਜੇ ਅਤੇ ਉਹਨਾਂ ਸਵਾਰੀਆਂ ਅਤੇ ਉਹਨਾਂ ਦੇ ਵਾਰਿਸਾਂ ਦਾ ਹਾਲ ਚਾਲ ਪੁੱਛਿਆ।
ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਰੋਡਵੇਜ਼ ਡਿਪੂ ਦੀ ਬੱਸ ਦੁਪਹਿਰ ਕਰੀਬ 1 .26 ਵਜੇ ਸ੍ਰੀ ਮੁਕਤਸਰ ਸਾਹਿਬ ਤੋਂ ਅਬੋਹਰ ਜਾਣ ਲਈ ਰਵਾਨਾ ਹੋਈ ਸੀ। ਇਹ ਬੱਸ ਜਦੋਂ ਪਿੰਡ ਮਹਿਰਾਜ ਵਾਲਾ ਦੇ ਕੋਲ ਪੁੱਜੀ ਤਾਂ ਸਾਹਮਣੇ ਤੋਂ ਆ ਰਹੇ ਇਕ ਘੋੜੇ ਟਰਾਲੇ ਦੇ ਚਾਲਕ ਨੇ ਗਲਤ ਸਾਈਡ ਤੇ ਟਰੱਕ ਲਿਆ ਬੱਸ ਵਿਚ ਮਾਰਿਆ।
ਇਸ ਸਬੰਧੀ ਬੱਸ ਡਰਾਇਵਰ ਮੇਜਰ ਸਿੰਘ ਨੇ ਦੱਸਿਆ ਕਿ ਉਕਤ ਘੋੜਾ ਚਾਲਕ ਇੰਜ ਲੱਗਦਾ ਸੀ ਜਿਵੇਂ ਸੌਂ ਗਿਆ ਹੋਵੇ, ਜਿਸ ਕਰ ਕੇ ਉਹਨਾਂ ਨੇ ਸੁਚੇਤ ਹੋਕੇ ਬੱਸ ਨੂੰ ਬਿੱਲ ਕੁੱਲ ਥੱਲੇ ਵੱਲ ਕੱਟ ਦਿੱਤਾ। ਉਕਤ ਘੋੜਾ ਚਾਲਕ ਨੇ ਬੱਸ ਦੇ ਪਿਛਲੇ ਹਿੱਸੇ ਵਿਚ ਟੱਕਰ ਮਾਰੀ, ਜਿਸ ਕਰ ਕੇ ਬੱਸ ਖੇਤਾਂ ਵਿਚ ਪਲਟ ਗਈ। ਇਸ ਹਾਦਸੇ ਵਿਚ ਕੰਡਕਟਰ ਸਮੇਤ 9 ਸਵਾਰੀਆਂ ਜਖ਼ਮੀ ਹੋ ਗਈਆਂ।
ਇਸ ਹਾਦਸੇ ਦਾ ਪਤਾ ਲੱਗਣ ਸਾਰ ਮਲੋਟ ਤੋਂ ਐਂਬੂਲੈਂਸਾਂ ਨੇ ਪੁੱਜ ਕੇ 9 ਜ਼ਖ਼ਮੀਆਂ ਨੂੰ ਮਲੋਟ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਅਤੇ ਤੁਰੰਤ ਐੱਸ. ਡੀ. ਐੱਮ. ਮਲੋਟ ਡਾ.ਸੰਜੀਵ ਕੁਮਾਰ ਹਸਪਤਾਲ ਵਿਚ ਪੁੱਜ ਗਏ। ਉਹਨਾਂ ਜ਼ਖ਼ਮੀਆਂ ਦਾ ਹਾਲ ਚਾਲ ਪੁੱਛਿਆ ਅਤੇ ਐੱਸ. ਐੱਮ. ਓ. ਸੁਨੀਲ ਬਾਂਸਲ ਸਮੇਤ ਡਾਕਟਰਾਂ ਨਾਲ ਗੱਲਬਾਤ ਕੀਤੀ, ਤਾਂ ਜੋ ਕਿਸੇ ਜਿਆਦਾ ਗੰਭੀਰ ਜ਼ਖ਼ਮੀ ਯਾਤਰੀ ਨੂੰ ਰੈਫਰ ਕੀਤਾ ਜਾ ਸਕੇ ਪਰ ਸਵਾਰੀਆਂ ਦੀ ਹਾਲਤ ਖਤਰੇ ਤੋਂ ਬਾਹਰ ਸੀ।
ਐੱਸ. ਐੱਮ. ਓ. ਡਾ. ਸੁਨੀਲ ਬਾਂਸਲ ਨੇ ਦੱਸਿਆ ਕਿ ਮਲੋਟ ਸਰਕਾਰੀ ਹਸਪਤਾਲ ਵਿਚ ਦਾਖਲ ਮਰੀਜ਼ਾਂ ਵਿਚ 7 ਔਰਤਾਂ ਅਤੇ 2 ਆਦਮੀ ਹਨ, ਜਿਹਨਾਂ ਵਿਚ ਅਮਨਦੀਪ ਕੌਰ ਵਾਸੀ ਮਾਹੂਆਨਾ, ਅੰਜੂ ਵਾਸੀ ਮਾਹੂਆਨਾ, ਲਾਭ ਸਿੰਘ ਵਾਸੀ ਹਰਿਆਣਾ, ਸਤਵੰਤ ਕੌਰ ਵਾਸੀ ਰੋੜਾਂਵਾਲੀ, ਸਾਰੀਬਾ ਵਾਸੀ ਸ੍ਰੀ ਮੁਕਤਸਰ ਸਾਹਿਬ, ਪਾਰਵਤੀ ਮਾਹੂਆਨਾ, ਸੋਮਾ ਵਾਸੀ ਅਬੋਹਰ ਅਤੇ ਸੁਨੀਲ ਕੁਮਾਰ ਵਾਸੀ ਮਾਹੂਆਨਾ ਸ਼ਾਮਲ ਹਨ, ਜ਼ਖ਼ਮੀਆਂ ਵਿਚ ਲਾਭ ਸਿੰਘ ਬੱਸ ਦਾ ਕੰਡਕਟਰ ਵੀ ਹੈ।
ਇਸ ਮੌਕੇ ਪੁੱਜੇ ਰੋਡਵੇਜ ਕਰਮਚਾਰੀਆਂ ਨੇ ਦੱਸਿਆ ਕਿ ਲੋਕਾਂ ਨੇ ਘਟਨਾ ਲਈ ਜਿੰਮੇਵਾਰ ਟਰਾਲਾ ਚਾਲਕ ਨੂੰ ਕਾਬੂ ਕਰ ਲਿਆ ਸੀ।
