ਵੱਡੇ ਕਾਫਲੇ ਦੇ ਰੂਪ ਵਿਚ ਡੱਲੇਵਾਲ ਜਾਣਗੇ ਪਿੰਡ, ਕਿਸਾਨਾਂ ਨੂੰ ਕਰਨਗੇ ਸੰਬੋਧਨ
ਪਟਿਆਲਾ : ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਜਿਹੜੇ ਕਿ ਲੰਬੇ ਸਮੇ ਤੋਂ ਮਰਨ ਵਰਤ ’ਤੇ ਬੈਠੇ ਹਨ ਅਤੇ ਜਿਨ੍ਹਾਂ ਨੂੰ ਪਿਛਲੇ ਦਿਨੀਂ ਮੋਰਚਾ ਚੁੱਕਣ ਤੋਂ ਬਾਅਦ ਪਟਿਆਲਾ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ, ਨੇ ਐਲਾਨ ਕੀਤਾ ਕਿ ਉਹ 3 ਅਪ੍ਰੈਲ ਨੂੰ ਆਪਣੇ ਜੱਦੀ ਪਿੰਡ ਡੱਲੇਵਾਲ ਵਿਖੇ ਜਾ ਕੇ ਕਿਸਾਨਾਂ ਦੇ ਧਰਨੇ ਨੂੰ ਸੰਬੋਧਨ ਕਰਨਗੇ ਅਤੇ ਐੱਸ. ਕੇ. ਐੱਮ. ਦੇ ਅਗਲੇ ਪ੍ਰੋਗਰਾਮਾਂ ਵਿਚ ਵੀ ਹਿੱਸਾ ਲੈਣਗੇ।
ਡੱਲੇਵਾਲ ਕਿਸਾਨਾਂ ਦੇ ਵੱਡਾ ਕਾਫਲੇ ਨਾਲ ਪਹਿਲਾਂ ਤੋਂ ਚੱਲ ਰਹੇ ਕਿਸਾਨ ਮੋਰਚੇ ’ਚ ਸ਼ਿਰਕਤ ਕਰਨਗੇ। ਇਸ ਸਬੰਧੀ ਬੁੱਧਵਾਰ ਨੂੰ ਸਵੇਰੇ ਵੇਲੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕਰਨ ਉਪਰੰਤ ਸਥਾਨਕ ਗੁਰਦੁਆਰਾ ਦੂਖ ਨਿਵਾਰਣ ਸਾਹਿਬ ਵਿਖੇ ਐੱਸ. ਕੇ. ਐੱਮ. (ਗੈਰ-ਰਾਜਨੀਤਿਕ) ਦੀ ਮੀਟਿੰਗ ਕੀਤੀ।
ਇਸ ਤੋਂ ਬਾਅਦ ਕਿਸਾਨ ਆਗੂ ਕਾਕਾ ਸਿੰਘ ਕੋਟੜਾ, ਅਭੀਮੰਨੂ ਕੋਹਾੜ, ਸੁਖਜੀਤ ਸਿੰਘ, ਸੁਖਦੇਵ ਸਿੰਘ ਭੋਜਰਾਜ, ਬਲਦੇਵ ਸਿੰਘ ਸਿਰਸਾ ਤੇ ਹੋਰਨਾਂ ਨੇ ਦੱਸਿਆ ਕਿ 19 ਮਾਰਚ ਨੂੰ ਪੰਜਾਬ ਸਰਕਾਰ ਵੱਲੋਂ ਸ਼ੰਭੂ ਤੇ ਖਨੌਰੀ ਮੋਰਚਾ ਜ਼ਬਰੀ ਉਠਾਉਣ ਦੌਰਾਨ ਕਿਸਾਨਾਂ ਦਾ ਗੁੰਮ ਹੋਇਆ ਸਾਮਾਨ ਵਾਪਸ ਦਿਵਾਉਣ ਅਤੇ ਪੁਲਿਸ ਵੱਲੋਂ ਡੱਲੇਵਾਲ ਨੂੰ ਜਬਰੀ ਹਿਰਾਸਤ ’ਚ ਰੱਖਣ ਦੇ ਵਿਰੋਧ ਵਜੋਂ ਪਿੰਡ ਡੱਲੇਵਾਲ ’ਚ ਪੱਕਾ ਮੋਰਚਾ ਸ਼ੁਰੂ ਕੀਤਾ ਸੀ, ਜਿਸ ’ਚ 3 ਅਪ੍ਰੈਲ ਨੂੰ ਵੱਡਾ ਇਕੱਠ ਸੱਦਿਆ ਗਿਆ ਹੈ।
ਆਗੂਆਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਦੋਵੇਂ ਫੋਰਮਾਂ ਵੱਲੋਂ ਦਿੱਤੇ ਅਗਲੇ ਪ੍ਰੋਗਰਾਮਾਂ ’ਚ ਜਗਜੀਤ ਸਿੰਘ ਡੱਲੇਵਾਲ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਸਵੇਰੇ 8 ਵਜੇ ਕਿਸਾਨਾਂ ਦਾ ਵੱਡਾ ਕਾਫਲਾ ਡੱਲੇਵਾਲ ਨੂੰ ਲੈ ਕੇ ਪਿੰਡ ਵੱਲ ਜਾਵੇਗਾ।
ਉਨ੍ਹਾਂ ਦੱਸਿਆ ਕਿ ਐੱਸ. ਕੇ. ਐੱਮ. (ਗੈਰ-ਰਾਜਨੀਤਿਕ) ਵੱਲੋਂ ਅਗਲੇ ਦਿਨਾਂ ਦੇ ਉਲੀਕੇ ਪ੍ਰੋਗਰਾਮਾਂ ਦੌਰਾਨ 3 ਅਪ੍ਰੈਲ ਨੂੰ ਡੱਲੇਵਾਲ, 4 ਅਪ੍ਰੈਲ ਨੂੰ ਫਿਰੋਜ਼ਪੁਰ, 5 ਅਪ੍ਰੈਲ ਨੂੰ ਪਟਿਆਲਾ, 6 ਅਪ੍ਰੈਲ ਨੂੰ ਸਰਹੰਦ, 7 ਅਪ੍ਰੈਲ ਨੂੰ ਧਨੌਲਾ, 8 ਅਪ੍ਰੈਲ ਨੂੰ ਸ੍ਰੀ ਮੁਕਤਸ਼ਰ ਸਾਹਿਬ, 9 ਅਪ੍ਰੈਲ ਨੂੰ ਫਾਜ਼ਿਲਕਾ, 10 ਅਪ੍ਰੈਲ ਨੂੰ ਮਾਨਸਾ ਅਤੇ 11 ਤੇ 12 ਅਪ੍ਰੈਲ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕਿਸਾਨ ਮਹਾਪੰਚਾਇਤਾ ਕੀਤੀਆਂ ਜਾਣਗੀਆਂ, ਜਿਨ੍ਹਾਂ ‘ਚ ਜਗਜੀਤ ਸਿੰਘ ਡੱਲੇਵਾਲ ਸਿਰਕਤ ਕਰਨਗੇ ਤੇ ਕਿਸਾਨਾਂ ਨੂੰ ਸੰਬੋਧਨ ਕਰਨਗੇ।
ਕਿਸਾਨ ਆਗੂਆਂ ਨੇ ਦੱਸਿਆ ਕਿ ਉਹ ਆਪਣੇ ਪੱਧਰ ’ਤੇ ਪ੍ਰਬੰਧ ਕਰ ਕੇ ਡੱਲੇਵਾਲ ਨੂੰ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਮਰਨ ਵਰਤ ਜਾਰੀ ਹੈ, ਜਿਸ ਸਬੰਧੀ ਅਗਲੇ ਸਮੇਂ ’ਚ ਫੈਸਲਾ ਲਿਆ ਜਾਵੇਗਾ।
