ਸੁਪਰੀਮ ਕੋਰਟ ਵਲੋ ਇਕ ਹਫਤੇ ਲਈ ਹਸਪਤਾਲ ਲਿਜਾਉਣ ਦੇ ਆਦੇਸ਼
ਖਨੌਰੀ, 19 ਦਸੰਬਰ : ਖਨੌਰੀ ਮੋਰਚੇ ਉਪਰ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ 24ਵੇਂ ਦਿਨ ਵਿਚ ਮਰਨ ਵਰਤ ‘ਤੇ ਪੁਜੇ ਕਿਸਾਨ ਨੇਤਾ ਜਗਜੀਤ ਸਿੰਘ ਡਲੇਵਾਲ ਅੱਜ ਸਵੇਰੇ ਅਚਨਚੇਤ ਤਬੀਅਤ ਵਿਗੜਨ ਕਾਰਨ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਉਲਟੀਆਂ ਲਗ ਗਈਆਂ ਤੇ ਉਹ ਡਿਗ ਪਏ, ਜਿਸ ਕਾਰਨ ਡਾਕਟਰਾਂ ਦੀ ਟੀਮ ਅਤੇ ਕਿਸਾਨਾਂ ਵਿਚਕਾਰ ਭਾਰੀ ਹਫੜਾ ਦਫੜੀ ਮਚੀ ਰਹੀ।
ਦੂਸਰੇ ਪਾਸੇ ਅੱਜ ਮਾਣਯੋਗ ਸੁਪਰੀਮ ਕੋਰਟ ਨੇ ਅੱਜ ਕਿਸਾਨਾਂ ਦੇ ਕੇਸ ਦੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੂੰ ਆਦੇਸ ਦਿਤੇ ਹਨ ਕਿ ਇੱਕ ਹਫਤੇ ਲਈ ਕਿਸਾਨ ਨੇਤਾ ਜਗਜੀਤ ਸਿੰਘ ਡਲੇਵਾਲ ਨੂੰ ਹਸਪਤਾਲ ਲੈ ਕੇ ਜਾਣ, ਲੋੜੀਂਦਾ ਇਲਾਜ ਕਰਵਾਉਣ। ਇਸ ਤੋ ਬਾਅਦ ਉਹ ਮੁੜ ਆਪਣਾ ਮਰਨ ਵਰਤ ਸ਼ੁਰੂ ਕਰ ਸਕਦੇ ਹਨ। ਅਦਾਲਤ ਨੇ 20 ਦਸੰਬਰ ਦਿਨ ਸ਼ੁਕਰਵਾਰ ਨੂੰ ਦੁਪਿਹਰ ਤੱਕ ਕਿਸਾਨ ਨੇਤਾ ਜਗਜੀਤ ਸਿੰਘ ਡਲੇਵਾਲ ਦੀ ਮੈਡੀਕਲ ਰਿਪੋਰਟ ਵੀ ਮੰਗੀ ਹੈ, ਜਿਸ ‘ਤੇ ਇਸ ਕੇਸ ਉਪਰ ਮੁੜ ਸੁਣਵਾਈ ਹੋਵੇਗੀ।
ਸੁਪਰੀਮ ਕੋਰਟ ਨੇ ਕਿਹਾ ਹੈ ਕਿ 70 ਸਾਲ ਦਾ ਇਕ ਵਿਅਕਤੀ 24 ਦਿਨਾਂ ਤੋਂ ਭੁਖ ਹੜਤਾਲ ‘ਤੇ ਬੈਠਾ ਹੈ ਤੇ ਤੁਸੀ ਕਿ ਕਰ ਰਹੇ ਹੋ।
ਖਨੌਰੀ ਬਾਰਡਰ ‘ਤੇ ਅੱਜ ਜਿਉਂ ਹੀ ਡਲੇਵਾਲ ਨੂੰ ਜਦੋਂ ਸਾਫ ਸਫਾਈ ਲਈ ਬਿਠਾਉਣ ਦੀ ਕੋਸ਼ਿਸ਼ ਕੀਤੀ ਗਈ, ਉਸ ਸਮੇਂ ਉਨ੍ਹਾਂ ਦੀ ਸਿਹਤ ਇਕਦਮ ਵਿਗੜ ਗਈ। ਡਾ. ਸਵੇਮਾਨ ਸਿੰਘ ਤੇ ਟੀਮ ਨੇ ਮੁੜਕੇ ਭਾਵੇਂ ਡਲੇਵਾਲ ਦੀ ਸਿਹਤ ਨੂੰ ਕੰਟਰੋਲ ਕਰ ਲਿਆ ਪਰ ਹਾਲਾਤ ਐਮਰਜੈਂਸੀ ਵਾਲੇ ਹੀ ਬਣੇ ਹੋਏ ਹਨ।
ਬਾਕਸ——-ਸੁਪਰੀਮ ਕੋਰਟ ਅਗੇ ਡਲੇਵਾਲ ਨੇ ਵੀਡਿਓ ਕਾਨਫਰੈਂਸਿੰਗ ਰਾਹੀ ਰਖਿਆ ਪੱਖ
ਅੱਜ ਇਸ ਕੇਸ ਦੀ ਦੂਸਰੇ ਦਿਨ ਮਾਣਯੋਗ ਸੁਪਰੀਮ ਕੋਰਟ ਵਿਚ ਸੁਣਵਾਈ ਸੀ, ਜਿਸਦੇ ਚਲਦੇ ਸ਼ਾਮ ਨੂੰ ਦੋਵੇਂ ਮੋਰਚਿਆਂ ਦੇ ਫੈਸਲੇ ਅਨੁਸਾਰ ਕਿਸਾਨ ਨੇਤਾ ਜਗਜੀਤ ਸਿੰਘ ਡਲੇਵਾਲ ਵੀਡਿਓ ਕਾਨਫਰੈਂਸਿੰਗ ਰਾਹੀ ਸੁਪਰੀਮ ਕੋਰਟ ਦੀ ਸੁਣਵਾਈ ਵਿਚ ਸ਼ਾਮਲ ਹੋਏ ਤੇ ਲਗਾਤਾਰ 15 ਮਿੰਟ ਦੇ ਲਗਭਗ ਆਨਲਾਈਨ ਸੁਪਰੀਮ ਕੋਰਟ ਦੀ ਕਾਰਵਾਈ ਦੇ ਨਾਲ ਜੁੜੇ ਰਹੇ।
ਇਸ ਤੋਂ ਬਾਅਦ ਕਿਸਾਨ ਨੇਤਾ ਡਲੇਵਾਲ ਦੀ ਸਿਹਤ ਕਮਜੋਰ ਹੋਣ ਕਾਰਨ ਉਹ ਆਨਲਾਈਨ ਮੀਟਿੰਗ ਤੋਂ ਹਟ ਗਏ ਤੇ ਉਨ੍ਹਾਂ ਨੇ ਮਾਣਯੋਗ ਸੁਪਰੀਮ ਕੋਰਟ ਸਾਹਮਣੇ ਲਿਖਤੀ ਰੂਪ ਵਿਚ ਕਿਸਾਨਾਂ ਦੀਆਂ ਮੰਗਾਂ ਦਾ ਪੱਖ ਭੇਜਿਆ ਹੈ ਤੇ ਬਕਾਇਦਾ ਇਹ ਮੀਡੀਆ ਨੂੰ ਵੀ ਰਿਲੀਜ਼ ਕੀਤਾ ਗਿਆ ਹੈ।

ਇਸ ਤੋ ਇਲਾਵਾ ਅੱਜ ਜਗਜੀਤ ਸਿੰਘ ਡਲੇਵਾਲ ਨਾਲ ਖਨੌਰੀ ਬਾਰਡਰ ਵਿਖੇ ਮੁਲਾਕਾਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ, ਅਕਾਲੀ ਦਲ ਮਾਨ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਕਿਸਾਨ ਨੇਤਾ ਸਤਨਾਮ ਸਿੰਘ ਬਹਿਰੂ, ਮਰਹੂਮ ਗਾਇਕ ਸਿੱਧੂ ਮੂਸੇਵਾਲਾ ਮਾਤਾ ਪਿਤਾ ਬਲਕਾਰ ਸਿੰਘ, ਚਰਨ ਕੌਰ ਵੀ ਪੁਜੇ ਹੋਏ ਸਨ।
30 ਨੂੰ ਪੰਜਾਬ ਬੰਦ ਦਾ ਸੱਦਾ : 29 ਨੂੰ ਖਾਪ ਪੰਚਾਇਤਾਂ ਕਿਸਾਨਾਂ ਦੇ ਹੱਕ ਵਿਚ ਲੈਣਗੀਆਂ ਅਹਿਮ ਫੈਸਲਾ
ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਨੇ ਆਖਿਆ ਕਿ 30 ਦਸੰਬਰ ਨੂੰ ਪੰਜਾਬ ਹਰ ਹਾਲਤ ਵਿਚ ਬੰਦ ਹੋਵੇਗਾ। ਉਨ੍ਹਾ ਕਿਹਾ ਕਿ ਪੰਜਾਬ ਬੰਦ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚਲ ਰਹੀਆਂ ਹਨ। ਇਸ ਤੋਂ ਇਲਾਵਾ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੀਆਂ ਖਾਪ ਪੰਚਾਇਤਾਂ ਨੇ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਦੇ ਉਦੇਸ਼ ਤਹਿਤ ਇਕ ਅਹਿਮ ਫ਼ੈਸਲਾ ਲੈਣ ਲਈ 29 ਦਸੰਬਰ ਨੂੰ ਬਾਸ ਮੰਡੀ ਹਿਸਾਰ ਵਿਖੇ ਹਰਿਆਣਾ ਦੀਆਂ ਖਾਪ ਪੰਚਾਇਤਾਂ ਦੀ ਇਕ ਮਹਾਪੰਚਾਇਤ ਬੁਲਾਉਣ ਦਾ ਫ਼ੈਸਲਾ ਕੀਤਾ ਹੈ।
