ਮਰਨ ਵਰਤ ‘ਤੇ ਬੈਠੇ ਡਲੇਵਾਲ ਹੋਏ ਬੇਸੁਧ, ਮਸ਼ੀਨਾਂ ਸਹਾਰੇ ਲੱਗੇ ਚਲਣ

13 ਨੂੰ ਹੋਣਗੀਆਂ ਦੋਵੇ ਬਾਰਡਰਾਂ ‘ਤੇ ਰੋਸ਼ ਰੈਲੀਆਂ, 14 ਨੂੰ ਦਿੱਲੀ ਕੂਚ ਅਟਲ : ਕਿਸਾਨ ਨੇਤਾ

ਖਨੌਰੀ, 12 ਦਸੰਬਰ  : ਕੇਂਦਰ ਸਰਕਾਰ ਦੀ ਬੇਰੁਖੀ ਕਾਰਨ ਕਿਸਾਨ ਸੰਘਰਸ਼ ਲਗਾਤਾਰ ਅਗੇ ਵੱਲ ਵਧ ਰਿਹਾ ਹੈ।  ਖਨੌਰੀ ਬਾਰਡਰ ‘ਤੇ ਮਰਨ ਵਰਤ ਬੈਠੇ ਜਗਜੀਤ ਸਿੰਘ ਡਲੇਵਾਲ ਬੇਸ਼ੁਧ ਨਜ਼ਰ ਆ ਰਹੇ ਹਨ, ਉਨ੍ਹਾ ਦਾ ਭਾਰ 12 ਕਿਲੋ ਤੋਂ ਵਧ ਘਟ ਗਿਆ ਹੈ। ਉਹ ਮਸੀਨਾਂ ਸਹਾਰੇ ਚਲ ਰਹੇ ਹਨ ਅਤੇ ਉਨ੍ਹਾਂ ਦੀ ਨਿਗਰਾਨੀ ਲਈ 24 ਘੰਟੇ ਪ੍ਰਾਈਵੇਟ ਡਾਕਟਰ ਤਾਇਨਾਤ ਹਨ, ਜਦੋਂ ਕਿ ਅੱਜ ਸਰਕਾਰੀ ਡਾਕਟਰਾਂ ਦੀ ਟੀਮ ਨੂੰ ਕਿਸਾਨਾਂ ਨੇ ਚੈਕਅਪ ਕਰਨ ਤੋਂ ਰੋਕ ਦਿੱਤਾ ਤੇ ਉਸਦਾ ਵਿਰੋਧ ਕੀਤਾ।

ਕਿਸਾਨਾਂ ਦਾ ਕਹਿਣਾ ਹੈ ਕਿ ਇਹ ਸਰਕਾਰੀ ਡਾਕਟਰ ਸੈਂਪਲ ਲੈ ਜਾਂਦੇ ਹਨ ਤੇ ਮੁੜਕੇ ਰਿਪੋਰਟ ਜਨਤਕ ਨਹੀਂ ਕਰਦੇ। ਕਿਸਾਨਾਂ ਦੇ ਹੌਂਸਲੇ ਬੁਲੰਦ ਹਨ। ਅੱਜ ਉਹ ਇਸ ਸੰਘਰਸ਼ ਨੂੰ ਹੋਰ ਤੇਜ ਕਰਨ ਲਈ ਵਿਉਂਤਬੰਦੀਆਂ ਬਣਾ ਰਹੇ ਹਨ।

ਸੰਭੂ ਬਾਰਡਰ ਅਤੇ ਖਨੌਰੀ ਬਾਰਡਰ ਉਪਰ ‘ਤੇ ਕਿਸਾਨ ਨੇਤਾ ਸਰਵਨ ਸਿੰਘ ਪੰਧੇਰ, ਬਲਵੰਤ ਸਿੰਘ ਬਹਿਰਾਮਕੇ, ਕਾਕਾ ਸਿੰਘ ਕੋਟੜਾ, ਤੇਜਵੀਰ ਸਿੰਘ ਪੰਜੋਖੜਾ, ਜਸਵਿੰਦਰ ਸਿੰਘ ਲੌਗੋਵਾਲ, ਬੀਬੀ ਸੁਖਵਿੰਦਰ ਕੌਰ, ਦਿਲਬਾਗ ਸਿੰਘ ਗਿਲ ਅਤੇ ਹੋਰ ਨੇਤਾਵਾਂ ਨੇ ਪ੍ਰੈਸ ਕਾਨਫਰੰਸਾਂ ਕਰ ਕੇ ਅੱਜ ਵੀ ਸਿਧੇ ਤੌਰ ‘ਤੇ ਕੇਂਦਰ ਸਰਕਾਰ ਨੂੰ ਘੇਰਿਆ ਹੈ ਤੇ ਫਿਰ ਸਪੱਸ਼ਟ ਕੀਤਾ ਹੈ ਕਿ 12 ਦਸੰਬਰ ਨੂੰ ਸਮੁਚੇ ਦੇਸ਼ ਵਾਸੀ ਇੱਕ ਰਾਤ ਦਾ ਖਾਣਾ ਛੱਡਕੇ ਜਗਜੀਤ ਸਿੰਘ ਡਲੇਵਾਲ ਦੀ ਹਮਾਇਤ ਕਰਨ। 13 ਦਸੰਬਰ ਨੂੰ ਦੋਵੇ ਬਾਰਡਰਾਂ ‘ਤੇ ਜੋਰਦਾਰ ਰੋਸ਼ ਰੈਲੀਆਂ ਹੋਣਗੀਆਂ ਤੇ 14 ਦਸੰਬਰ ਨੂੰ ਦਿੱਲੀ ਕੂਚ ਅਟਲ ਹੈ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਡਲੇਵਾਲ ਦੇ ਹੱਕ ‘ਚ ਡਟੇ

ਪਟਿਆਲਾ  : ਉਧਰੋ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਮਰਨ ਵਰਤ ‘ਤੇ ਬੈਠੇ ਕਿਸਾਨ ਨੇਤਾ ਜਗੀਜਤ ਸਿੰਘ ਡਲੇਵਾਲ ਦੀ ਹਮਾਇਤ ਵਿਚ ਆ ਗਏ ਹਨ। ਉਨ੍ਹਾ ਕਿਸਾਨ ਨੇਤਾ ਜਗਜੀਤ ਸਿੰਘ ਡਲੇਵਾਲ ਦੀ ਸਿਹਤ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਤੁਰੰਤ ਕਿਸਾਨਾਂ ਦੀਆਂ ਮੰਗਾਂ ‘ਤੇ ਗੌਰ ਕਰਨ ਕਿਉਂਕਿ ਕਿਸਾਨ ਦੇਸ਼ ਦੇ ਅੰਨਦਾਤਾ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਵੀ ਆਖਿਆ ਕਿ ਕਿਸਾਨਾਂ ਦਾ ਸਾਥ ਬੇਹਦ ਜਰੂਰੀ ਹੈ।

ਕੈਨੇਡਾ ‘ਚ 13 ਦਸੰਬਰ ਨੂੰ ਕਿਸਾਨਾਂ ਦੇ ਹੱਕ ‘ਚ ਹੋਵੇਗੀ ਕਾਰ ਰੈਲੀ

ਦੇਸ਼ ਦੇ ਨਾਲ ਨਾਲ ਹੁਣ ਵਿਦੇਸ਼ਾਂ ਵਿਚ ਵੀ ਲੋਕ ਕਿਸਾਨਾਂ ਦੇ ਹੱਕ ਵਿਚ ਨਿਤਰਨੇ ਸ਼ੁਰੂ ਹੋ ਗਏ ਹਨ। 13 ਦਸੰਬਰ ਨੂੰ ਕੈਨੇਡਾ ਦੇ ਕਈ ਸ਼ਹਿਰਾਂ ਵਿਚ ਕਿਸਾਨਾਂ ਦੇ ਹੱਕ ਵਿਚ ਭਾਰਤੀ ਕਾਰ ਰੈਲੀਆਂ ਕਰਨਗੇ ਅਤੇ ਮੋਦੀ ਸਰਕਾਰ ਦਾ ਪਿਟ ਸਿਆਪਾ ਕਰਨਗੇ।

Leave a Reply

Your email address will not be published. Required fields are marked *