ਖੜ੍ਹੀ ਕਾਰ ’ਚ ਟਰੱਕ ਨੇ ਮਾਰੀ ਟੱਕਰ
ਬਟਾਲਾ ਦੇ ਕਾਹਨੂੰਵਾਨ ਛੰਭ ਖੇਤਰ ਦੇ ਪਿੰਡ ਗੁੰਨੋਪੁਰ ਸੈਦੋਵਾਲ ਦੇ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋਣ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ।
ਜਾਣਕਾਰੀ ਮੁਤਾਬਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤ ਸੀ ਜੋ ਆਪਣੀ ਭੈਣ ਨੂੰ ਦਿੱਲੀ ਏਅਰਪੋਰਟ ਲੈ ਕੇ ਜਾ ਰਿਹਾ ਸੀ ਕਿ ਸ਼ੰਭੂ ਬੈਰੀਅਰ ਨੇੜੇ ਖ਼ਤਰਨਾਕ ਸੜਕ ਹਾਦਸੇ ਵਿਚ ਉਸ ਦੀ ਮੌਤ ਹੋ ਗਈ।
ਮਰਹੂਮ ਮਨਿੰਦਰ ਸਿੰਘ ਦੇ ਪਰਿਵਾਰ ਦੇ ਮੈਂਬਰਾਂ ਅਤੇ ਸਰਪੰਚ ਗੁਰਮੁੱਖ ਸਿੰਘ ਵਜੀਰ ਨੇ ਦੱਸਿਆ ਕਿ ਮਨਿੰਦਰ ਸਿੰਘ ਦੀ ਭੈਣ ਦੀ ਦਿੱਲੀ ਤੋਂ ਕੈਨੇਡਾ ਲਈ ਫਲਾਈਟ ਸੀ, ਇਸ ਲਈ ਮਨਿੰਦਰ ਸਿੰਘ ਅਪਣੀ ਭੈਣ ਅਤੇ ਭੈਣ ਦੇ ਸਹੁਰੇ ਪਰਿਵਾਰ ਸਮੇਤ ਦਿੱਲੀ ਲਈ ਰਵਾਨਾ ਹੋਇਆ ਸੀ, ਜਦੋਂ ਉਹ ਸ਼ੰਭੂ ਬੈਰੀਅਰ ’ਤੇ ਪਹੁੰਚੇ ਤਾਂ ਉਨ੍ਹਾਂ ਦੇ ਮੂਹਰੇ ਟੋਲ ’ਤੇ ਇਕ ਟਰੱਕ ਖੜ੍ਹਾ ਸੀ।
ਮਨਿੰਦਰ ਸਿੰਘ ਦੀ ਕਾਰ ਵੀ ਟਰੱਕ ਦੇ ਮਗਰ ਖੜ੍ਹੀ ਹੋ ਗਈ ਤੇ ਇਸ ਤੋਂ ਇਲਾਵਾ ਇਕ ਦੋ ਗੱਡੀਆਂ ਹੋਰ ਉਸ ਦੇ ਪਿੱਛੇ ਖੜ੍ਹੀਆਂ ਹੋ ਗਈਆਂ। ਇਸ ਦੌਰਾਨ ਪਿੱਛੇ ਤੋਂ ਇਕ ਤੇਜ਼ ਰਫ਼ਤਾਰ ਟਰੱਕ ਬੇਕਾਬੂ ਹੋ ਕੇ ਇਨ੍ਹਾਂ ਖੜ੍ਹੀਆਂ ਕਾਰਾਂ ’ਚ ਆ ਵੱਜਾ, ਜਿਸ ਕਾਰਨ ਮਨਿੰਦਰ ਸਿੰਘ, ਜਿਸ ਕਾਰ ਵਿਚ ਸਵਾਰ ਸੀ ਉਹ ਮੂਹਰੇ ਖੜ੍ਹੇ ਟਰੱਕ ਹੇਠ ਧੱਸ ਜਾਣ ਕਾਰਨ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਦੌਰਾਨ ਮਨਿੰਦਰ ਸਿੰਘ ਦੀ ਮੌਤ ਹੋ ਗਈ ਅਤੇ ਕਾਰ ਚਾਲਕ ਤੋਂ ਇਲਾਵਾ ਇਕ ਔਰਤ ਸਵਾਰੀ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ।
