ਭੂਚਾਲ ਦੇ ਝਟਕਿਆਂ ਨਾਲ ਸਹਿਮੇ ਲੋਕ, ਪ੍ਰਸ਼ਾਸਨ ਨੇ ਕੀਤਾ ਚੌਕਸ

ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿਚ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ਉਤੇ ਇਸ ਦੀ ਤੀਬਰਤਾ 2.07 ਮਾਪੀ ਗਈ ਹੈ। ਪਿਛਲੇ 6 ਦਿਨਾਂ ‘ਚ ਇਹ ਨੌਵਾਂ ਝਟਕਾ ਹੈ, ਜਿਸ ਕਾਰਨ ਇਲਾਕੇ ਦੇ ਲੋਕਾਂ ‘ਚ ਸਹਿਮ ਦਾ ਮਾਹੌਲ ਹੈ। ਹਾਲਾਂਕਿ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਭੂਚਾਲ ਕਾਰਨ ਲੋਕਾਂ ‘ਚ ਡਰ ਦਾ ਮਾਹੌਲ ਹੈ।
ਸ਼ੁੱਕਰਵਾਰ ਆਏ ਇਸ ਭੂਚਾਲ ਦਾ ਕੇਂਦਰ ਬੜਕੋਟ ਤਹਿਸੀਲ ਦੇ ਸਰੂਤਾਲ ਝੀਲ, ਫੁਚ-ਕੰਡੀ ਅਤੇ ਯਮੁਨੋਤਰੀ ਰੇਂਜ ਦੇ ਜੰਗਲੀ ਖੇਤਰ ‘ਚ ਸੀ। ਜ਼ਿਲ੍ਹਾ ਆਫ਼ਤ ਕੰਟਰੋਲ ਰੂਮ ਮੁਤਾਬਕ ਉੱਤਰਕਾਸ਼ੀ ਹੈੱਡਕੁਆਰਟਰ ਅਤੇ ਆਸਪਾਸ ਦੇ ਇਲਾਕਿਆਂ ‘ਚ ਵੀਰਵਾਰ ਸ਼ਾਮ ਨੂੰ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਵੀਰਵਾਰ ਨੂੰ ਆਏ ਭੂਚਾਲ ਦੀ ਤੀਬਰਤਾ 2.7 ਮਾਪੀ ਗਈ ਅਤੇ ਇਸ ਦਾ ਕੇਂਦਰ ਵੀ ਯਮੁਨੋਤਰੀ ਰੇਂਜ ਵਿੱਚ ਸੀ।
ਪਿਛਲੇ ਛੇ ਦਿਨਾਂ ਤੋਂ ਲਗਾਤਾਰ ਆ ਰਹੇ ਭੂਚਾਲ ਦੇ ਝਟਕਿਆਂ ਕਾਰਨ ਉਤਰਕਾਸ਼ੀ ਦੇ ਲੋਕ ਡਰੇ ਹੋਏ ਹਨ। ਇਸ ਤੋਂ ਪਹਿਲਾਂ 24 ਅਤੇ 25 ਜਨਵਰੀ ਨੂੰ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਉਸ ਦੌਰਾਨ ਵਰੁਣਾਵਤ ਪਹਾੜ ਦੇ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਖੇਤਰ ਤੋਂ ਮਲਬਾ ਅਤੇ ਪੱਥਰ ਡਿੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ।
ਇਨ੍ਹਾਂ ਝਟਕਿਆਂ ਦੀ ਤੀਬਰਤਾ ਕ੍ਰਮਵਾਰ 3.0 ਅਤੇ 2.0 ਮਾਪੀ ਗਈ। ਲਗਾਤਾਰ ਝਟਕਿਆਂ ਕਾਰਨ ਸਥਾਨਕ ਲੋਕ ਡਰੇ ਹੋਏ ਹਨ। ਕਈ ਲੋਕਾਂ ਨੇ ਆਪਣੇ ਘਰਾਂ ਤੋਂ ਬਾਹਰ ਰਹਿਣਾ ਸ਼ੁਰੂ ਕਰ ਦਿੱਤਾ ਹੈ, ਜਦਕਿ ਕੁਝ ਲੋਕ ਭੂਚਾਲ ਤੋਂ ਬਚਣ ਦੇ ਉਪਾਵਾਂ ‘ਤੇ ਚਰਚਾ ਕਰ ਰਹੇ ਹਨ। ਸਥਾਨਕ ਪ੍ਰਸ਼ਾਸਨ ਵੀ ਸਥਿਤੀ ‘ਤੇ ਨਜ਼ਰ ਰੱਖ ਰਿਹਾ ਹੈ ਅਤੇ ਭੂਚਾਲ ਦੇ ਪ੍ਰਭਾਵਾਂ ਦਾ ਮੁਲਾਂਕਣ ਕਰ ਰਿਹਾ ਹੈ।

Leave a Reply

Your email address will not be published. Required fields are marked *