ਪੰਜਾਬ ਦੇ ਕਈ ਪਿੰਡਾਂ ਦਾ ਸੰਪਰਕ ਟੁੱਟਿਆ
ਉਤਰੀ ਭਾਰਤ ਵਿਚ ਭਾਰੀ ਮੀਂਹ ਕਾਰਨ ਹਾਲਾਤ ਵਿਗੜਨ ਲੱਗੇ ਹਨ। ਗੁਰਦਾਸਪੁਰ ਦੇ ਮਕੌੜਾ ਪੱਤਣ ‘ਤੇ ਬਣਿਆ ਆਰਜ਼ੀ ਪੁਲ ਟੁੱਟ ਗਿਆ ਹੈ। ਭਾਰੀ ਮੀਂਹ ਤੋਂ ਬਾਅਦ ਰਾਵੀ ਵਿਚ ਪਾਣੀ ਦਾ ਪੱਧਰ ਇਕਦਮ ਵਧ ਗਿਆ ਹੈ। ਪਾਣੀ ਦੇ ਤੇਜ਼ ਵਹਾਅ ਕਾਰਨ ਆਰਜ਼ੀ ਪੁਲ ਪਾਸੇ ਤੋਂ ਟੁੱਟ ਗਿਆ ਹੈ।
ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਮਕੌੜਾ ਪੱਤਣ ‘ਤੇ ਅਚਾਨਕ ਪਾਣੀ ਦਾ ਪੱਧਰ ਵਧਣ ਕਾਰਨ ਰਾਵੀ ਦਰਿਆ ਦੇ ਪਰਲੇ ਪਾਸੇ ਅੱਧੀ ਦਰਜਨ ਪਿੰਡ ਤੂਰ, ਚੇਬੇ, ਭਰਿਆਲ, ਲਸਿਆਣ, ਮੰਮੀ ਚਕਰੰਜਾ ਆਦਿ ਦਾ ਬਿਲਕੁਲ ਲਿੰਕ ਟੁੱਟ ਗਿਆ ਹੈ ਕਿਉਂਕਿ ਪਾਣੀ ਦਾ ਪੱਧਰ ਇੰਨਾ ਵਧ ਗਿਆ ਕਿ ਪਲਟੂਨ ਪੁਲ ਦਾ ਕੁਝ ਹਿੱਸਾ ਪਾਣੀ ਦੀ ਲਪੇਟ ਵਿਚ ਆਉਣਾ ਕਾਰਨ ਰੁੜ੍ਹ ਗਿਆ ਹੈ। ਇਸ ਕਾਰਨ ਆਉਣ ਜਾਣ ਦਾ ਰਸਤਾ ਬਿਲਕੁਲ ਬੰਦ ਹੋ ਗਿਆ ਹੈ ਅਤੇ ਪਾਣੀ ਤੇਜ਼ ਹੋਣ ਕਰਕੇ ਕਿਸ਼ਤੀ ਵੀ ਬਿਲਕੁਲ ਬੰਦ ਹੈ।
ਹਿਮਾਚਲ ਦੇ ਕਈ ਇਲਾਕਿਆਂ ਵਿਚ ਪਾਣੀ ਭਰਿਆ
ਹਿਮਾਚਲ ਪ੍ਰਦੇਸ਼ ਵਿਚ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ ਹੈ। ਹਿਮਾਚਲ ‘ਚ ਭਾਰੀ ਮੀਂਹ ਤੋਂ ਬਾਅਦ ਕੁੱਲੂ ‘ਚ ਤਬਾਹੀ ਮਚ ਗਈ ਹੈ। ਭੂਤਨਾਥ ਡਰੇਨ ‘ਚ ਕਈ ਵਾਹਨ ਰੁੜ੍ਹ ਗਏ ਹਨ। ਕੁੱਲੂ ਦੇ ਗਾਂਧੀ ਨਗਰ ਵਿਚ ਮਲਬੇ ਹੇਠ ਕਈ ਵਾਹਨ ਦੱਬੇ ਗਏ ਹਨ। ਇਥੇ ਦੋ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਹਿਮਾਚਲ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਆਰੇਂਜ ਅਲਰਟ ਜਾਰੀ ਕੀਤਾ ਹੈ।
ਸੂਬੇ ਵਿਚ ਪਿਛਲੇ 12 ਘੰਟਿਆਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਹਿਮਾਚਲ ਦੇ ਉੱਚੇ ਇਲਾਕਿਆਂ ‘ਚ ਬਰਫਬਾਰੀ ਅਤੇ ਹੇਠਲੇ ਇਲਾਕਿਆਂ ਵਿਚ ਬਾਰਿਸ਼ ਜਾਰੀ ਹੈ। ਰਾਜ ਦੇ ਲਾਹੌਲ ਸਪਿਤੀ, ਚੰਬਾ-ਪਾਂਗੀ ਅਤੇ ਕਿਨੌਰ ਜ਼ਿਲ੍ਹਿਆਂ ਦੇ ਜ਼ਿਆਦਾਤਰ ਇਲਾਕਿਆਂ ਵਿਚ ਭਾਰੀ ਬਰਫ਼ਬਾਰੀ ਕਾਰਨ ਸੜਕਾਂ ਬੰਦ ਹੋਣ ਕਾਰਨ ਸੰਪਰਕ ਟੁੱਟ ਗਿਆ ਹੈ। ਪਿਛਲੇ 24 ਘੰਟਿਆਂ ਵਿਚ ਸੱਤ ਜ਼ਿਲ੍ਹਿਆਂ ਵਿੱਚ ਤਾਜ਼ਾ ਬਰਫ਼ਬਾਰੀ ਹੋਈ ਹੈ। ਲਾਹੌਲ ਸਪਿਤੀ, ਕਿਨੌਰ, ਚੰਬਾ, ਕਾਂਗੜਾ, ਕੁੱਲੂ, ਮੰਡੀ ਅਤੇ ਸ਼ਿਮਲਾ ਜ਼ਿਲ੍ਹਿਆਂ ਦੇ ਉੱਚੇ ਇਲਾਕਿਆਂ ਵਿੱਚ ਤਾਜ਼ਾ ਬਰਫ਼ਬਾਰੀ ਹੋਈ ਹੈ। ਕੁੱਲੂ ਅਤੇ ਕਾਂਗੜਾ ਵਿਚ ਬੱਦਲ ਫਟਣ ਕਾਰਨ ਹਾਲਾਤ ਵਿਗੜੇ ਹਨ।

ਜਾਣਕਾਰੀ ਮੁਤਾਬਕ ਸੂਬੇ ਦੇ ਕਿਨੌਰ, ਕੁੱਲੂ ਅਤੇ ਕਾਂਗੜਾ ਅਤੇ ਚੰਬਾ ਜ਼ਿਲਿਆਂ ‘ਚ ਕੁਝ ਥਾਵਾਂ ‘ਤੇ ਨੁਕਸਾਨ ਹੋਣ ਦੀ ਖਬਰ ਹੈ। ਇਨ੍ਹਾਂ ਤਿੰਨਾਂ ਜ਼ਿਲ੍ਹਿਆਂ ਵਿੱਚ ਵੀ ਸਭ ਤੋਂ ਵੱਧ ਮੀਂਹ ਪਿਆ ਹੈ। ਕੁੱਲੂ ‘ਚ ਭਾਰੀ ਮੀਂਹ ਕਾਰਨ ਨਦੀਆਂ-ਨਾਲਿਆਂ ‘ਚ ਉਛਾਲ ਆ ਗਿਆ ਅਤੇ ਇੱਥੇ ਬਰਸਾਤ ਦਾ ਮੌਸਮ ਦੇਖਣ ਨੂੰ ਮਿਲਿਆ। ਜਿੱਥੇ ਕਈ ਵਾਹਨ ਮਲਬੇ ਹੇਠ ਦੱਬ ਗਏ। ਦੂਜੇ ਪਾਸੇ ਲਾਰਜੀ ਡੈਮ ਤੋਂ ਪਾਣੀ ਛੱਡਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਬਰੋਟ ‘ਚ ਡੈਮ ਦੇ ਗੇਟ ਖੋਲ੍ਹ ਦਿੱਤੇ ਗਏ ਹਨ। ਇਥੇ ਬੱਦਲ ਫਟਣ ਕਾਰਨ ਹਾਲਾਤ ਵਿਗੜ ਗਏ ਹਨ।