ਭਾਰਤ ਨੇ ਵਿਸ਼ਵ ਮੁੱਕੇਬਾਜ਼ੀ ਕੱਪ ਵਿਚ ਜਿੱਤੇ 6 ਤਮਗ਼ੇ

ਹਿਤੇਸ ਵਿਸ਼ਵ ਮੁੱਕੇਬਾਜੀ ਕੱਪ ਵਿਚ ਸੋਨ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਮੁੱਕੇਬਾਜ਼ ਬਣਿਆ

ਨਵੀਂ ਦਿੱਲੀ : ਭਾਰਤੀ ਮੁੱਕੇਬਾਜ਼ਾਂ ਨੇ ਬ੍ਰਾਜੀਲ ਦੇ ਫੋਜ ਡੂ ਇਗੁਆਚੂ ਵਿੱਚ ਵਿਸ਼ਵ ਮੁੱਕੇਬਾਜੀ ਕੱਪ ਵਿੱਚ ਆਪਣੀ ਮੁਹਿੰਮ ਛੇ ਤਮਗਿਆਂ ਨਾਲ ਸਮਾਪਤ ਕੀਤੀ, ਜਿਸ ਵਿੱਚ ਹਿਤੇਸ ਦਾ ਸੋਨ ਤਗਮਾ ਵੀ ਸ਼ਾਮਲ ਹੈ। ਇਹ ਵਿਸ਼ਵ ਮੁੱਕੇਬਾਜ਼ੀ ਦੁਆਰਾ ਆਯੋਜਿਤ ਕਿਸੇ ਉੱਚ-ਪੱਧਰੀ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਭਾਰਤ ਦੀ ਪਹਿਲੀ ਭਾਗੀਦਾਰੀ ਸੀ। ਹਿਤੇਸ ਵਿਸ਼ਵ ਮੁੱਕੇਬਾਜੀ ਕੱਪ ਵਿੱਚ ਸੋਨ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਮੁੱਕੇਬਾਜ਼ ਬਣ ਗਿਆ ਹੈ।
ਉਸਦਾ ਵਿਰੋਧੀ, ਇੰਗਲੈਂਡ ਦਾ ਓਡੇਲ ਕਮਾਰਾ, ਜ਼ਖ਼ਮੀ ਹੋ ਗਿਆ ਸੀ ਅਤੇ ਸਨੀਵਾਰ ਨੂੰ 70 ਕਿਲੋਗ੍ਰਾਮ ਵਰਗ ਦੇ ਫਾਈਨਲ ਲਈ ਰਿੰਗ ਵਿੱਚ ਦਾਖ਼ਲ ਨਹੀਂ ਹੋ ਸਕਿਆ। ਭਾਰਤੀ ਮੁੱਕੇਬਾਜ਼ ਅਭਿਨਾਸ ਜਾਮਵਾਲ ਨੇ ਵੀ 65 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਜਗ੍ਹਾ ਬਣਾਈ ਪਰ ਸਥਾਨਕ ਦਾਅਵੇਦਾਰ ਯੂਰੀ ਰੀਸ ਨੂੰ ਸਖ਼ਤ ਟੱਕਰ ਦੇਣ ਦੇ ਬਾਵਜੂਦ ਉਸ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ।
ਭਾਰਤ ਦੇ ਜਾਦੂਮਣੀ ਸਿੰਘ ਮੰਡੇਂਗਬਮ (50 ਕਿਲੋਗ੍ਰਾਮ), ਮਨੀਸ ਰਾਠੌਰ (55 ਕਿਲੋਗ੍ਰਾਮ), ਸਚਿਨ (60 ਕਿਲੋਗ੍ਰਾਮ) ਅਤੇ ਵਿਸ਼ਾਲ (90 ਕਿਲੋਗ੍ਰਾਮ) ਨੇ ਕਾਂਸੀ ਦੇ ਤਗਮੇ ਜਿੱਤੇ।

ਹਿਤੇਸ ਨੇ ਆਪਣੇ ਚੰਗੇ ਪ੍ਰਦਰਸਨ ਦਾ ਸਿਹਰਾ ਟੂਰਨਾਮੈਂਟ ਤੋਂ ਪਹਿਲਾਂ ਬ੍ਰਾਜੀਲ ਵਿੱਚ ਲੱਗੇ 10 ਦਿਨਾਂ ਦੇ ਤਿਆਰੀ ਕੈਂਪ ਨੂੰ ਦਿੱਤਾ, ਜਿਸ ਨੇ ਉਸ ਨੂੰ ਅਤੇ ਟੀਮ ਨੂੰ ਬਹੁਤ ਮਦਦ ਕੀਤੀ। ਹਿਤੇਸ ਨੇ ਕਿਹਾ, “ਕੈਂਪ ਨੇ ਮੈਨੂੰ ਕੁਝ ਰਣਨੀਤਕ ਬਾਰੀਕੀਆਂ ਸਿੱਖਣ ਵਿੱਚ ਮਦਦ ਕੀਤੀ ਜਿਸ ਨੇ ਮੁਕਾਬਲੇ ਵਿੱਚ ਮੇਰੀ ਬਹੁਤ ਮਦਦ ਕੀਤੀ। ਇਸ ਟੂਰਨਾਮੈਂਟ ਨੇ ਸਾਨੂੰ ਉੱਚ ਪੱਧਰ ਦਾ ਅਨੁਭਵ ਦਿੱਤਾ ਅਤੇ ਮੈਨੂੰ ਖ਼ੁਸ਼ੀ ਹੈ ਕਿ ਮੈਂ ਸੋਨ ਤਗਮਾ ਜਿੱਤ ਸਕਿਆ।
ਭਾਰਤ ਨੇ ਵਿਸ਼ਵ ਮੁੱਕੇਬਾਜੀ ਕੱਪ ਵਿੱਚ 10 ਮੈਂਬਰੀ ਟੀਮ ਉਤਾਰੀ ਸੀ, ਜੋ ਕਿ ਪੈਰਿਸ ਓਲੰਪਿਕ ਤੋਂ ਬਾਅਦ ਟੀਮ ਦਾ ਪਹਿਲਾ ਵੱਡਾ ਅੰਤਰਰਾਸ਼ਟਰੀ ਟੂਰਨਾਮੈਂਟ ਸੀ। ਇਹ ਮਜਬੂਤ ਪ੍ਰਦਰਸਨ ਐਥਲੀਟਾਂ ਦੇ ਆਤਮਵਿਸਵਾਸ ਨੂੰ ਵਧਾਏਗਾ ਕਿਉਂਕਿ ਉਹ 2028 ਦੀਆਂ ਲਾਸ ਏਂਜਲਸ ਖੇਡਾਂ ਤੋਂ ਪਹਿਲਾਂ ਓਲੰਪਿਕ ਚੱਕਰ ਲਈ ਤਿਆਰੀ ਵੀ ਸੁਰੂ ਕਰਨਗੇ।

Leave a Reply

Your email address will not be published. Required fields are marked *