ਪਟਿਆਲਾ :- ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਨਜ਼ਦੀਕੀ ਰਾਜੇਸ਼ ਅੱਤਰੀ ਨੂੰ ਅੱਜ ਪਟਿਆਲਾ ਪੁਲਸ ਨੇ ਐੱਸ. ਸੀ./ਐੱਸ. ਟੀ. ਐਕਟ ਤਹਿਤ ਕੇਸ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰੀ ਤੋਂ ਬਾਅਦ ਉਸਨੂੰ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਰਾਜੇਸ਼ ਅੱਤਰੀ ਨੂੰ 2 ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਪੁਲਸ ਦਾ ਦਾਅਵਾ ਹੈ ਕਿ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਜਦੋਂ ਰਾਜੇਸ਼ ਨੂੰ ਪੇਸ਼ ਕੀਤਾ ਗਿਆ ਤਾਂ ਉੱਥੇ ਵੱਡੀ ਗਿਣਤੀ ’ਚ ਭਾਜਪਾ ਵਰਕਰ ਅਤੇ ਆਗੂ ਪਹੁੰਚ ਗਏ ਸਨ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਖਿਲਾਫ ਨਾਅਰੇਬਾਜ਼ੀ ਵੀ ਕੀਤੀ।
ਰਾਜੇਸ਼ ਅੱਤਰੀ ਦੇ ਪਿਤਾ ਰਾਜਿੰਦਰਪਾਲ ਅੱਤਰੀ (ਆਰ. ਪੀ.) ਕਾਂਗਰਸ ਦੇ ਜ਼ਿਲਾ ਪ੍ਰਧਾਨ ਅਤੇ ਪੰਜਾਬ ਪਨਸੀਡ ਦੇ ਚੇਅਰਮੈਨ ਰਹੇ ਹਨ ਅਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਅਤਿ ਨਜ਼ਦੀਕੀ ਸਨ। ਇਸ ਤੋਂ ਬਾਅਦ ਰਾਜੇਸ਼ ਅੱਤਰੀ ਰਵਨੀਤ ਸਿੰਘ ਬਿੱਟੂ ਨੇ ਨਾਲ ਹਨ। ਜਦੋਂ ਉਹ ਭਾਜਪਾ ’ਚ ਸ਼ਾਮਲ ਹੋਏ ਤਾਂ ਰਾਜੇਸ਼ ਅੱਤਰੀ ਵੀ ਉਨ੍ਹਾਂ ਦੇ ਨਾਲ ਹੀ ਚਲੇ ਗਏ ਸਨ।
ਰਾਜੇਸ਼ ਅੱਤਰੀ ਖਿਲਾਫ ਈਸ਼ੂ ਪੁੱਤਰ ਕੱਲੂ ਵਾਸੀ ਲਾਹੌਰੀ ਗੇਟ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਰਾਤ ਨੂੰ ਉਹ ਆਪਣੇ ਨਿੱਜੀ ਕੰਮ ਲਈ ਪੁਰਾਣੇ ਬੱਸ ਸਟੈਂਡ ਵਿਖੇ ਜਦੋਂ ਉਹ ਐੱਸ. ਡੀ. ਕੇ. ਐੱਸ. ਭਵਨ ਰਾਜਪੁਰਾ ਰੋਡ ’ਤੇ ਪਹੁੰਚਿਆ ਤਾਂ ਉਸ ਨੇ ਕਿਸੇ ਰਿਸ਼ਤੇਦਾਰ ਨੂੰ ਫੋਨ ਕਰਨਾ ਸੀ, ਜਿਹੜਾ ਕਿ ਰਾਜੇਸ਼ ਅੱਤਰੀ ਨੂੰ ਮਿਲ ਗਿਆ। ਅੱਗੋਂ ਰਾਜੇਸ਼ ਨੇ ਕਿਹਾ ਕਿ ਤੁੰ ਕਿੱਥੋਂ ਬੋਲ ਰਿਹਾ ਹੈ ਤਾਂ ਈਸ਼ੂ ਮੁਤਾਬਕ ਉਸ ਨੇ ਦੱਸਿਆ ਕਿ ਉਹ ਗਾਂਧੀ ਨਗਰ ਲਾਹੌਰੀ ਗੇਟ ਤੋਂ ਬੋਲ ਰਿਹਾ ਹੈ।
ਇੰਨਾ ਸੁਣਦੇ ਹੀ ਰਾਜੇਸ਼ ਅੱਤਰੀ ਉਸ ਨੂੰ ਜਾਤੀ ਸ਼ੂਚਕ ਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ ਅਤੇ ਕਾਫੀ ਭੱਦੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ। ਪੁਲਸ ਨੇ ਇਸ ਆਧਾਰ ’ਤੇ ਕੇਸ ਦਰਜ ਕਰ ਕੇ ਰਾਜੇਸ਼ ਨੂੰ ਗ੍ਰਿਫਤਾਰ ਕਰ ਲਿਆ।
