ਕਪੂਰਥਲਾ ਹਾਊਸ ’ਚ ਹੋਵੇਗੀ ਮੀਟਿੰਗ , ਵਿਧਾਇਕਾਂ ਅਤੇ ਵਜ਼ੀਰਾਂ ਨੇ ਸਾਰੇ ਰੁਝੇਵੇਂ ਰੱਦ ਕੀਤੇ
ਦਿੱਲੀ ਵਿਧਾਨ ਸਭਾ ਚੋਣਾਂ ਵਿਚ ਮਿਲੀ ਹਾਰ ਤੋਂ ਤੁਰੰਤ ਬਾਅਦ ਹੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕਾਂ ਦੀ ਮੀਟਿੰਗ ਸੱਦ ਲਈ ਹੈ। ‘ਆਪ’ ਨੇ ਪਾਰਟੀ ਵਿਧਾਇਕਾਂ ਅਤੇ ਵਜ਼ੀਰਾਂ ਨੂੰ ਸਾਰੇ ਰੁਝੇਵੇਂ ਰੱਦ ਕਰ ਕੇ 11 ਫਰਵਰੀ ਨੂੰ ਸਵੇਰੇ 11 ਵਜੇ ਦਿੱਲੀ ਦੇ ਕਪੂਰਥਲਾ ਭਵਨ ਵਿਚ ਪਹੁੰਚਣ ਲਈ ਕਿਹਾ ਹੈ।
‘ਆਪ’ ਦੇ ਦਿੱਲੀ ਦਫ਼ਤਰ ਤਰਫ਼ੋਂ ਸਾਰੇ ਵਿਧਾਇਕਾਂ ਅਤੇ ਵਜ਼ੀਰਾਂ ਨੂੰ ਮੀਟਿੰਗ ਸਬੰਧੀ ਸੁਨੇਹੇ ਪੁੱਜ ਗਏ ਹਨ। ਬੀਤੇ ਦਿਨ ਰਾਜ ਸਭਾ ਮੈਂਬਰ ਸੰਦੀਪ ਪਾਠਕ ਵੱਲੋਂ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਗਈ ।
ਇਸ ਮੀਟਿੰਗ ਵਿਚ ਉਹ ਵਿਧਾਇਕ ਸ਼ਾਮਿਲ ਹੋਣਗੇ। ਜਿਨ੍ਹਾਂ ਦੀ ਡਿਊਟੀ ਪਾਰਟੀ ਵੱਲੋਂ ਦਿੱਲੀ ਚੋਣਾਂ ਵਿਚ ਲਗਾਈ ਗਈ ਸੀ। ਦਰਅਸਲ ਪਾਰਟੀ ਉਹਨਾਂ ਸਾਰੇ ਵਿਧਾਇਕਾਂ ਤੋਂ ਫੀਡਬੈਕ ਲਵੇਗੀ। ਇਸ ਤੋਂ ਇਲਾਵਾ ਪੰਜਾਬ ਦੇ ਸਿਆਸੀ ਹਾਲਾਤਾਂ ਸਬੰਧੀ ਵੀ ਚਰਚਾ ਕੀਤੀ ਜਾਵੇਗੀ।
ਹੁਣ ਪੰਜਾਬ ਕੈਬਨਿਟ ਦੀ ਮੀਟਿੰਗ 13 ਨੂੰ
ਪੰਜਾਬ ਕੈਬਨਿਟ ਦੀ ਮੀਟਿੰਗ ਵੀ ਹੁਣ 10 ਫਰਵਰੀ ਦੀ ਥਾਂ ’ਤੇ 13 ਫਰਵਰੀ ਨੂੰ ਹੋਵੇਗੀ। ਸੂਤਰ ਦੱਸਦੇ ਹਨ ਕਿ ਦਿੱਲੀ ਮੀਟਿੰਗ ਕਰ ਕੇ ਹੀ ਕੈਬਨਿਟ ਮੀਟਿੰਗ ਨੂੰ ਅੱਗੇ ਪਾਇਆ ਗਿਆ ਹੈ। ਕੇਜਰੀਵਾਲ ਨੇ ਅੱਜ ਦਿੱਲੀ ਵਿਧਾਨ ਸਭਾ ਚੋਣਾਂ ’ਚ ਜਿੱਤੇ ਪਾਰਟੀ ਦੇ 22 ਵਿਧਾਇਕਾਂ ਨਾਲ ਮੀਟਿੰਗ ਕੀਤੀ। ਪਹਿਲਾਂ ਚਰਚਾ ਸੀ ਕਿ ਕੇਜਰੀਵਾਲ ਖ਼ੁਦ ਵੀ ਚੰਡੀਗੜ੍ਹ ਆ ਕੇ ਵਿਧਾਇਕਾਂ ਨਾਲ ਮੀਟਿੰਗ ਕਰ ਸਕਦੇ ਹਨ ਕਿਉਂਕਿ ਪੰਜਾਬ ਦੇ ਵਿਧਾਇਕਾਂ ਦੇ ਲਗਾਤਾਰ ਦਿੱਲੀ ਦੇ ਗੇੜੇ ਵੱਜਦੇ ਰਹੇ ਹਨ, ਜਿਸ ਦਾ ਵਿਰੋਧੀ ਧਿਰਾਂ ਆਲੋਚਨਾ ਵੀ ਕਰਦੀਆਂ ਰਹੀਆਂ ਹਨ ਪਰ ਅਖ਼ੀਰ ’ਚ ਇਹ ਮੀਟਿੰਗ ਦਿੱਲੀ ਵਿਚ ਹੋਣੀ ਤੈਅ ਹੋਈ ਹੈ।
ਪੰਜਾਬ ਦੇ ਵਿਧਾਇਕਾਂ ਅਤੇ ਵਜ਼ੀਰਾਂ ਨੇ 11 ਫਰਵਰੀ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਪੰਜਾਬ ਵਿਧਾਨ ਸਭਾ ਦੀਆਂ ਕਮੇਟੀਆਂ ਦੀਆਂ ਮੀਟਿੰਗਾਂ ਵੀ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਦਿੱਲੀ ਦੀ ਮੀਟਿੰਗ ਤੋਂ ਕਈ ਤਰ੍ਹਾਂ ਦੇ ਚਰਚੇ ਸ਼ੁਰੂ ਹੋ ਗਏ ਹਨ। ਇਹ ਵੀ ਚਰਚਾ ਹੈ ਕਿ ਵਿਧਾਇਕਾਂ ਨੂੰ ਇੱਕਜੁਟ ਰਹਿਣ ਅਤੇ ਪਾਰਟੀ ’ਚ ਵਿਸ਼ਵਾਸ ਰੱਖਣ ਲਈ ਹਦਾਇਤਾਂ ਦਿੱਤੀਆਂ ਜਾ ਸਕਦੀਆਂ ਹਨ।
ਸੀ. ਐੱਮ. ਸਮੇਤ ਕੈਬਨਿਟ ਮੰਤਰੀਆਂ ਨੇ ਕੀਤਾ ਸੀ ਪ੍ਰਚਾਰ
ਦਿੱਲੀ ਚੋਣਾਂ ਦੌਰਾਨ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਕਈ ਮੰਤਰੀ ਅਤੇ ਵਿਧਾਇਕ ਵੀ ਪਹੁੰਚੇ ਸਨ। ਇਹਨਾਂ ਲੀਡਰਾਂ ਨੇ ਕਈ ਦਿਨ ਦਿੱਲੀ ਵਿਚ ਗਰਾਉਂਡ ਉੱਪਰ ਰਹਿ ਕੇ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਸੀ।
