ਲੌਂਗੋਵਾਲ-ਜ਼ਿਲਾ ਸੰਗਰੂਰ ਦੇ ਕਬਸਾ ਲੌਂਗੋਵਾਲ ਵਿਚ ਮਾਮੂਲੀ ਤਕਰਾਰ ਦੌਰਾਨ ਭਰਾ ਦੇ ਸਹੁਰੇ ਨੇ ਕਬੱਡੀ ਖਿਡਾਰੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਹੈ।
ਇਸ ਘਟਨਾ ਦੌਰਾਨ ਮਾਰੇ ਗਏ ਨੌਜਵਾਨ ਜਗਪਾਲ ਸਿੰਘ ਕਾਲਾ ਦੇ ਪਿਤਾ ਮੱਖਣ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਮੰਡੇਰ ਕਲਾਂ ਰੋਡ ਲੌਂਗੋਵਾਲ ਨੇ ਪੁਲਸ ਨੂੰ ਦੱਸਿਆ ਕਿ ਮੇਰਾ ਕੁੜਮ ਸੁਰਮੁੱਖ ਸਿੰਘ ਉਰਫ ਚਮਕੌਰ ਸਿੰਘ ਪੁੱਤਰ ਛੋਟਾ ਸਿੰਘ ਵਾਸੀ ਚੀਮਾ ਮੰਡੀ ਆਪਣੀ ਪਤਨੀ ਮਨਜੀਤ ਕੌਰ ਅਤੇ ਧੀ ਅਰਸ਼ਦੀਪ ਕੌਰ ਸਮੇਤ ਸਾਡੇ ਘਰ ਆਪਣੀ ਲੜਕੀ ਖੁਸ਼ਪ੍ਰੀਤ ਕੌਰ ਨੂੰ ਲੈਣ ਲਈ ਆਇਆ ਸੀ ਪਰ ਅਸੀਂ ਆਪਣੀ ਪੋਤੀ ਨੂੰ ਛੋਟੀ ਹੋਣ ਕਰ ਕੇ ਉਨ੍ਹਾਂ ਦੇ ਨਾਲ ਨਹੀਂ ਭੇਜਿਆ, ਜਿਸ ਕਰ ਕੇ ਉਹ ਵਾਪਸ ਚਲੇ ਗਏ ਪਰ ਬਾਅਦ ’ਚ ਮੇਰੀ ਨੂੰਹ ਖੁਸ਼ਪ੍ਰੀਤ ਕੌਰ ਨੇ ਘਰ ’ਚ ਕਲੇਸ਼ ਪਾ ਲਿਆ ਕਿ ਮੈਂ ਤਾਂ ਆਪਣੇ ਪੇਕੇ ਹੀ ਜਾਣਾ ਹੈ, ਜਿਸ ਸਬੰਧੀ ਸਾਡੇ ਘਰ ’ਚ ਆਪਸੀ ਤਕਰਰਾਬਾਜ਼ੀ ਹੋਈ।
ਇਸ ਦੌਰਾਨ ਮੇਰੀ ਨੂੰਹ ਨੇ ਆਪਣੇ ਪਿਤਾ ਨੂੰ ਰੌਂਦੇ ਹੋਏ ਫੋਨ ਕਰ ਦਿੱਤਾ ਅਤੇ ਫਿਰ ਦੁਬਾਰਾ ਮੇਰਾ ਕੁੜਮ ਆਪਣੀ ਪਤਨੀ ਸਮੇਤ ਘਰ ਆ ਗਿਆ ਅਤੇ ਆਪਣੀ ਲੜਕੀ ਨੂੰ ਲੈ ਕੇ ਜਾਣ ਦੀ ਜਿੱਦ ਕਰਨ ਲੱਗ ਪਿਆ।
ਅਸੀਂ ਉਸਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਲਿਜਾਣ ਲਈ ਬਾਜਿੱਦ ਸੀ ਤਾਂ ਮੇਰੀ ਪਤਨੀ ਚਰਨਜੀਤ ਕੌਰ ਨੇ ਵੀ ਮੇਰੀ ਨੂੰਹ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ’ਤੇ ਮੇਰੀ ਨੂੰਹ ਨੇ ਤਹਿਸ ’ਚ ਆ ਕੇ ਮੇਰੀ ਪਤਨੀ ਨੂੰ ਗਾਲਾਂ ਕੱਢਣ ਲੱਗ ਪਈ ਅਤੇ ਆਪਣਾ ਸਾਮਾਨ ਚੁੱਕ ਖੜ੍ਹੀ ਹੋ ਕੇ ਆਪਣੇ ਪਿਤਾ ਦੀ ਦੀ ਕਾਰ ਵੱਲ ਨੂੰ ਚੱਲ ਪਈ।
ਇੰਨੇ ’ਚ ਹੀ ਮੇਰੇ ਲੜਕੇ ਜਗਪਲ ਸਿੰਘ ਉਰਫ ਕਾਲਾ ਨੇ ਆਪਣੀ ਭਾਬੀ ਨੂੰ ਆਪਣੀ ਮਾਂ ਚਰਨਜੀਤ ਕੌਰ ਨੂੰ ਜਦੋਂ ਗਾਲਾਂ ਕੱਢਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਕੁੜਮ ਨੇ ਆਪਣੀ ਕਾਰ ’ਚ ਪਹਿਲਾਂ ਹੀ ਰੱਖੀ ਹੋਈ ਗੰਨ ਬਾਹਰ ਕੱਢ ਲਈ ਅਤੇ ਮੇਰੀ ਕੁੜਮਣੀ ਵੱਲੋਂ ਉਕਸਾਉਣ ’ਤੇ ਪਹਿਲਾ ਫਾਇਰ ਮੇਰੇ ਲੜਕੇ ਜਗਪਾਲ ਸਿੰਘ ਦੇ ਖੱਬੇ ਪਾਸੇ ਛਾਤੀ ’ਚ ਮਾਰਿਆ ਅਤੇ ਦੂਜਾ ਫਾਇਰ ਸੱਜੀ ਬਾਂਹ ਦੀ ਕੂਹਣੀ ’ਤੇ ਜਾ ਲੱਗਿਆ ਤਾਂ ਅਸੀਂ ਤੁਰੰਤ ਗੱਡੀ ਦਾ ਇੰਤਜ਼ਾਮ ਕਰ ਕੇ ਉਸ ਨੂੰ ਸਿਵਲ ਹਸਪਤਾਲ ਸੰਗਰੂਰ ਲੈ ਗਏ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਇਸ ਸਬੰਧ ’ਚ ਥਾਣਾ ਲੌਂਗੋਵਾਲ ਦੇ ਮੁਖੀ ਇੰਸਪੈਕਟਰ ਜਤਿੰਦਰ ਪਾਲ ਸਿੰਘ ਨੇ ਕਿਹਾ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਸੁਰਮੁੱਖ ਸਿੰਘ ਅਤੇ ਉਸ ਦੀ ਪਤਨੀ ਮਨਜੀਤ ਕੌਰ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।