ਬੱਚਿਆਂ ਨਾਲ ਭਰੀ ਸਕੂਲੀ ਬੱਸ ‘ਤੇ ਡਿੱਗਿਆ ਬਿਜਲੀ ਦਾ ਖੰਭਾ

ਵੱਡਾ ਹਾਦਸਾ ਵਾਪਰਨ ਤੋਂ ਰਿਹਾ ਬਚਾਅ

ਜਲੰਧਰ ਦੇ ਪਿੰਡ ਬੱਲਾਂ ਨੇੜੇ ਸਕੂਲੀ ਬੱਚਿਆਂ ਨਾਲ ਭਰੀ ਸਕੂਲੀ ਬੱਸ ‘ਤੇ ਬਿਜਲੀ ਦਾ ਖੰਭਾ ਡਿੱਗ ਗਿਆ। ਖੁਸ਼ਕਿਸਮਤੀ ਇਹ ਰਹੀ ਕਿ ਉਕਤ ਖੰਭੇ ‘ਚ ਕਰੰਟ ਬੱਸ ਤੱਕ ਨਹੀਂ ਪਹੁੰਚਿਆ, ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ।

ਜਾਣਕਾਰੀ ਅਨੁਸਾਰ ਦੁਪਹਿਰ 3.30 ਵਜੇ ਸਕੂਲ ਵਿਚ ਛੁੱਟੀ ਹੋਣ ਤੋਂ ਬਾਅਦ ਜਦੋਂ ਸਕੂਲ ਬੱਸ ਬੱਚਿਆਂ ਨੂੰ ਘਰ ਲਿਜਾਣ ਲਈ ਪਿੰਡ ਬੱਲਾਂ ਪਹੁੰਚੀ ਤਾਂ ਡਰਾਈਵਰ ਦੀ ਲਾਪਰਵਾਹੀ ਕਾਰਨ ਬੱਸ ਸੜਕ ਕਿਨਾਰੇ ਲੱਗੇ ਬਿਜਲੀ ਦੇ ਖੰਭੇ ਨਾਲ ਟਕਰਾ ਗਈ, ਜਿਸ ਕਾਰਨ ਸਕੂਲ ਬੱਸ ‘ਤੇ ਬਿਜਲੀ ਦਾ ਖੰਭਾ ਡਿੱਗ ਗਿਆ। ਮੌਕੇ ‘ਤੇ ਇਕੱਠੇ ਹੋਏ ਲੋਕਾਂ ਨੇ ਤੁਰੰਤ ਬੱਚਿਆਂ ਨੂੰ ਬੱਸ ‘ਚੋਂ ਬਾਹਰ ਕੱਢਿਆ। 

ਆਸ-ਪਾਸ ਰਹਿਣ ਵਾਲੇ ਲੋਕਾਂ ਅਨੁਸਾਰ ਬਿਜਲੀ ਦਾ ਖੰਭਾ ਚਾਲੂ ਸੀ ਅਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਪਰ ਚਾਰ ਘੰਟੇ ਬੀਤ ਜਾਣ ਦੇ ਬਾਵਜੂਦ ਵੀ ਬਿਜਲੀ ਵਿਭਾਗ ਦਾ ਕੋਈ ਅਧਿਕਾਰੀ ਮੌਕੇ ‘ਤੇ ਨਹੀਂ ਪਹੁੰਚਿਆ। ਸੜਕ ਦੇ ਇੱਕ ਪਾਸੇ ਗਟਰ ਦਾ ਢੱਕਣ ਸੀ, ਜੋ ਵਾਹਨਾਂ ਦੇ ਲੰਘਣ ਕਾਰਨ ਟੁੱਟ ਕੇ ਡਿੱਗ ਗਿਆ।

ਬੱਸ ਨੂੰ ਨੁਕਸਾਨੇ ਜਾਣ ਤੋਂ ਬਚਾਉਣ ਲਈ ਡਰਾਈਵਰ ਨੇ ਬੱਸ ਨੂੰ ਆਪਣੀ ਸਾਈਡ ‘ਤੇ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਬੱਸ ਖੰਭੇ ਨਾਲ ਟਕਰਾ ਗਈ। ਖੰਭਾ ਵਿਚਕਾਰੋਂ ਟੁੱਟ ਕੇ ਬੱਸ ‘ਤੇ ਡਿੱਗ ਗਿਆ। ਹਾਲਾਂਕਿ ਬਾਅਦ ‘ਚ ਬਿਜਲੀ ਕਰਮਚਾਰੀਆਂ ਨੇ ਉੱਥੇ ਪਹੁੰਚ ਕੇ ਬਿਜਲੀ ਕੱਟ ਦਿੱਤੀ। ਟੁੱਟੀਆਂ ਤਾਰਾਂ ਨੂੰ ਖੰਭੇ ਤੋਂ ਹਟਾ ਕੇ ਆਵਾਜਾਈ ਬਹਾਲ ਕੀਤੀ ਜਾ ਸਕੀ।

ਪਾਵਰਕਾਮ ਦੇ ਐਸ. ਡੀ. ਓ. ਬਲਵੰਤ ਸਿੰਘ ਭੁੱਲਰ ਨੇ ਦੱਸਿਆ ਕਿ ਬੱਸ ਦੇ ਉਪਰੋਂ ਟੁੱਟੇ ਖੰਭੇ ਨੂੰ ਹਟਾ ਕੇ ਇੱਕ ਪਾਸੇ ਰੱਖਿਆ ਗਿਆ ਹੈ। ਬਿਜਲੀ ਸਪਲਾਈ ਨਿਰਵਿਘਨ ਬਹਾਲ ਕਰ ਦਿੱਤੀ ਗਈ ਹੈ। ਮੌਕੇ ‘ਤੇ ਮੌਜੂਦ ਬੱਸ ਡਰਾਈਵਰ ਤੋਂ ਲਿਖਤੀ ਬਿਆਨ ਲੈ ਲਿਆ ਗਿਆ ਹੈ। 

Leave a Reply

Your email address will not be published. Required fields are marked *