ਬੰਦੀਆਂ ਦੇ ਪੁਨਰਵਸੇਬੇ ’ਚ ਸਹਾਈ ਹੋਣਗੇ ਜੇਲ ਵਿਭਾਗ ਵੱਲੋਂ ਲਾਏ ਜਾ ਰਹੇ ਪੈਟਰੋਲ ਪੰਪ  : ਕੈਬਨਿਟ ਮੰਤਰੀ ਲਾਲਜੀਤ ਭੁੱਲਰ

ਜੇਲ ਮੰਤਰੀ  ਵੱਲੋਂ ਜ਼ਿਲਾ ਜੇਲ ਨਾਭਾ ਦੇ ਪੈਟਰੋਲ ਪੰਪ ਦਾ ਉਦਘਾਟਨ

ਨਾਭਾ  :  ਪੰਜਾਬ ਦੇ ਜੇਲ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਜ਼ਿਲਾ ਜੇਲ ਨਾਭਾ (ਮੈਕਸੀਮਮ ਸਕਿਓਰਿਟੀ ਜੇਲ) ਦੇ ਬਾਹਰ ਪੰਜਾਬ ਜੇਲ ਵਿਕਾਸ ਬੋਰਡ ਵੱਲੋਂ ਬਣਾਇਆ ਗਿਆ ਇੰਡੀਅਨ ਆਇਲ ਕਾਰਪੋਰੇਸ਼ਨ ਦਾ ਪੈਟਰੋਲ ਪੰਪ (ਉਜਾਲਾ ਫਿਊਲਜ਼) ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਸਬ-ਜੇਲ ਫ਼ਾਜ਼ਿਲਕਾ ਵਿਖੇ ਲੱਗੇ ਪੈਟਰੋਲ ਪੰਪ ਦਾ ਵਰਚੂਅਲ ਤੌਰ ’ਤੇ ਉਦਘਾਟਨ ਵੀ ਕੀਤਾ।

ਸਮਾਗਮ ਮੌਕੇ ਏ. ਡੀ. ਜੀ. ਪੀ. ਜੇਲਾਂ ਅਰੁਣਪਾਲ ਸਿੰਘ, ਆਈ. ਜੀ. ਜੇਲਾਂ ਰੂਪ ਕੁਮਾਰ ਅਰੋਡ਼ਾ, ਡੀ. ਆਈ. ਜੀ. ਜੇਲਾਂ ਐੱਸ. ਐੱਸ. ਸੈਣੀ ਅਤੇ ਆਈ. ਓ. ਸੀ. ਦੇ ਕਾਰਜਕਾਰੀ ਡਾਇਰੈਕਟਰ ਜਤਿੰਦਰ ਕੁਮਾਰ, ਜੀ. ਐੱਮ. ਸੁਭਾਸ਼ ਐੱਮ. ਤੁਮਨੇ ਵੀ ਮੌਜੂਦ ਸਨ।

ਇਸ ਦੌਰਾਨ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਇਸੇ ਲਡ਼ੀ ਤਹਿਤ ਪੰਜਾਬ ਦੀਆਂ ਜੇਲਾਂ ਅੰਦਰ ਜਿਥੇ ਬੰਦੀਆਂ ਦੇ ਕੰਮ ਕਰਨ ਲਈ ਨਵੀਂ ਮਸ਼ੀਨਰੀ ਲਗਾਉਣ ਦਾ ਕੰਮ ਜਾਰੀ ਹੈ, ਉੱਥੇ ਹੀ ਸੂਬੇ ਅੰਦਰਲੀਆਂ ਜੇਲਾਂ ਦੇ ਬਾਹਰ 8 ਪੈਟਰੋਲ ਪੰਪ ਵੀ ਲਾਏ ਜਾ ਚੁੱਕੇ ਹਨ। ਹੁਣ ਤੱਕ ਲੁਧਿਆਣਾ, ਰੂਪਨਗਰ, ਹੁਸ਼ਿਆਰਪੁਰ, ਫਿਰੋਜ਼ਪੁਰ, ਸੰਗਰੂਰ ਅਤੇ ਪਟਿਆਲਾ ਵਿਖੇ 6 ਪੈਟਰੋਲ ਪੰਪ ਲਾਏ ਜਾ ਚੁੱਕੇ ਹਨ। ਅੱਜ 2 ਹੋਰ ਪੈਟਰੋਲ ਪੰਪ ਨਾਭਾ ਤੇ ਫ਼ਾਜ਼ਿਲਕਾ ਵਾਸੀਆਂ ਨੂੰ ਸਮਰਪਿਤ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਪੈਟਰੋਲ ਪੰਪ ਲੱਗਣ ਨਾਲ ਜੇਲ ਵਿਭਾਗ ਨੂੰ ਹਰੇਕ ਪੈਟਰੋਲ ਪੰਪ ਤੋਂ ਤਕਰੀਬਨ 5 ਲੱਖ ਰੁਪਏ ਪ੍ਰਤੀ ਮਹੀਨਾ ਆਮਦਨ ਹੋ ਰਹੀ ਹੈ। ਇਹ ਪੈਸੇ ਜੇਲ ਵਿਭਾਗ ਦੇ ਸੁਧਾਰ ਲਈ ਹੀ ਖਰਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਜੇਲ ਵਿਕਾਸ ਬੋਰਡ ਅਤੇ ਆਈ. ਓ. ਸੀ. ਵੱਲੋਂ ਚਲਾਏ ਜਾਣ ਵਾਲੇ ਇਸ ਪੈਟਰੋਲ ਪੰਪ (ਉਜਾਲਾ ਫਿਊਲਜ਼) ਨੂੰ ਚੰਗੇ ਆਚਰਣ ਵਾਲੇ ਕੈਦੀਆਂ ਵੱਲੋਂ ਵੀ ਸੰਚਾਲਿਤ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਜੋ ਵਿਅਕਤੀ ਕਿਸੇ ਨਾ ਕਿਸੇ ਕਾਰਨ ਜੇਲ ’ਚ ਸਜ਼ਾ ਕੱਟ ਰਹੇ ਹਨ, ਉਨ੍ਹਾਂ ਨੂੰ ਜੇਲ ਦੇ ਅੰਦਰ ਰਹਿ ਕੇ ਆਪਣੇ ’ਚ ਸੁਧਾਰ ਲਿਆਉਣ ਦੇ ਨਾਲ-ਨਾਲ ਹੁਣ ਜੇਲ ਵਿਭਾਗ ਦੇ ਉਪਰਾਲੇ ਸਦਕਾ ਜੇਲ ਤੋਂ ਬਾਹਰ ਵੀ ਡਿਊਟੀ ਨਿਭਾਉਣ ਦਾ ਮੌਕਾ ਮਿਲੇਗਾ। ਇਸ ਨਾਲ ਕੈਦੀ ਆਪਣੇ ਆਪ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਦਰੁਸਤ ਰੱਖ ਸਕਣਗੇ ਅਤੇ ਨਾਲ ਹੀ ਉਨ੍ਹਾਂ ਨੂੰ ਆਮਦਨ ਵੀ ਹੋਵੇਗੀ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਬੰਦੀਆਂ ਦੇ ਪੁਨਰਵਸੇਬੇ ’ਚ ਵੀ ਸਹਾਈ ਹੋਵੇਗਾ। ਇਸ ਦੌਰਾਨ ਉਨ੍ਹਾਂ ਪਹਿਲੀ ਗੱਡੀ ’ਚ ਤੇਲ ਪਵਾ ਕੇ ਪੈਟਰੋਲ ਪੰਪ ਦੀ ਰਸਮੀ ਸ਼ੁਰੂਆਤ ਵੀ ਕਰਵਾਈ।   ਇਸ ਮੌਕੇ ਏ. ਡੀ. ਜੀ. ਪੀ. ਜੇਲਾਂ ਅਰੁਣਪਾਲ ਸਿੰਘ ਨੇ ਕਿਹਾ ਕਿ ਜ਼ਿਲਾ ਜੇਲ ਨਾਭਾ (ਮੈਕਸੀਮਮ ਸਕਿਓਰਿਟੀ ਜੇਲ) ਵਿਖੇ ਬਣੇ ਉਜਾਲਾ ਫਿਊਲ ’ਚ ਤੇਲ ਪਾਉਣ ਲਈ ਅਤਿ ਆਧੁਨਿਕ ਮਸ਼ੀਨਰੀ ਲਾਈ ਗਈ ਹੈ।

ਇਸ ਸਮੇਂ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ, ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ, ਚੀਫ ਜਨਰਲ ਮੈਨੇਜਰ ਆਈ. ਓ. ਸੀ. ਵਿਨੇ ਅਗਰਵਾਲ, ਜੇਲ ਸੁਪਰਡੈਂਟ ਲਲਿਤ ਕੁਮਾਰ ਕੋਹਲੀ, ਐੱਸ. ਡੀ. ਐੱਮ. ਨਾਭਾ ਇਸਮਤ ਵਿਜੇ ਸਿੰਘ, ਡੀ. ਐੱਸ. ਪੀ. ਮਨਦੀਪ ਕੌਰ, ਐੱਚ. ਐੱਸ. ਗਿੱਲ ਤੋਂ ਇਲਾਵਾ ਵੱਡੀ ਗਿਣਤੀ ਪਤਵੰਤੇ ਮੌਜੂਦ ਸਨ।

Leave a Reply

Your email address will not be published. Required fields are marked *