ਬੇਕਾਬੂ ਟਰੱਕ ਕਾਲਜ ਬੱਸ ਨਾਲ ਟਕਰਾਇਆ, 2 ਦੀ ਮੌਤ

3 ਵਿਦਿਆਰਥਣਾਂ ਜ਼ਖਮੀ

ਗੜ੍ਹਸ਼ੰਕਰ – ਕਸਬਾ ਗੜ੍ਹਸ਼ੰਕਰ-ਚੰਡੀਗੜ੍ਹ ਰੋਡ ’ਤੇ ਪਿੰਡ ਬਗਵਾਈ ਨੇੜੇ ਖੈਰ ਦੀ ਲੱਕੜ ਨਾਲ ਭਰੇ ਇਕ ਟਰੱਕ ਦੇ ਟਾਇਰ ਫਟਣ ਕਾਰਨ ਬੇਕਾਬੂ ਹੋ ਕੇ ਸਾਹਮਣੇ ਆ ਰਹੀ ਕਾਲਜ ਬੱਸ ਨਾਲ ਟਕਰਾ ਜਾਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਜਦੋਂ ਕਿ ਕਾਲਜ ਬੱਸ ਵਿਚ ਸਫਰ ਕਰ ਰਹੀਆਂ 13 ਨਰਸਿੰਗ ਵਿਦਿਆਰਥਣਾਂ ਗੰਭੀਰ ਜ਼ਖਮੀ ਹੋ ਗਈਆਂ।
ਹਿਮਾਚਲ ਪ੍ਰਦੇਸ਼ ਤੋਂ ਖੈਰ ਦੀ ਲੱਕੜ ਨਾਲ ਲੱਦਿਆ ਇਕ ਟਰੱਕ ਨੰਬਰ ਐੱਚ. ਪੀ.-38 ਬੀ 6400 ਕਰੀਬ ਸਾਢੇ ਤਿੰਨ ਵਜੇ ਗੜ੍ਹਸ਼ੰਕਰ-ਚੰਡੀਗੜ੍ਹ ਰੋਡ ’ਤੇ ਜਾ ਰਿਹਾ ਸੀ ਕਿ ਅਚਾਨਕ ਟਰੱਕ ਦਾ ਪਿਛਲਾ ਟਾਇਰ ਫਟ ਗਿਆ। ਟਰੱਕ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੀ ਗੁਰੂ ਸੇਵਾ ਕਾਲਜ, ਪਨਾਮ ਦੀ ਬੱਸ ਨਾਲ ਟਕਰਾ ਗਿਆ। ਜਿਸ ਤੋਂ ਬਾਅਦ ਬੱਸ ਰੋਡ ਦੇ ਦੂਜੇ ਪਾਸੇ ਦਰੱਖਤ ਨਾਲ ਟਕਰਾ ਗਈ। ਜਿਸ ਕਾਰਨ ਬੱਸ ਡਰਾਈਵਰ ਗਗਨਦੀਪ ਸਿੰਘ ਪੁੱਤਰ ਮੇਜਰ ਸਿੰਘ ਦੀ ਮੌਤ ਹੋ ਗਈ।
ਇਸ ਦੌਰਾਨ ਉੱਥੋਂ ਲੰਘ ਰਹੇ ਇਕ ਮੋਟਰਸਾਈਕਲ ਸਵਾਰ ਦੀ ਦੋਹਾਂ ਗੱਡੀਆਂ ਦੀ ਲਪੇਟ ’ਚ ਆਉਣ ਕਾਰਨ ਮੌਤ ਹੋ ਗਈ। ਮੋਟਰਸਾਈਕਲ ਸਵਾਰ ਦੀ ਪਛਾਣ ਗੋਲਡੀ ਪੁੱਤਰ ਕਿਸ਼ੋਰ ਕੁਮਾਰ, ਵਾਸੀ ਜਲਵਾਹਾ, ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਜੋਂ ਹੋਈ ਹੈ। ਇਸ ਹਾਦਸੇ ’ਚ ਬੱਸ ਵਿਚ ਸਫਰ ਕਰ ਰਹੀਆਂ 13 ਪਹਿਲੇ ਸਾਲ ਦੀਆਂ ਨਰਸਿੰਗ ਵਿਦਿਆਰਥਣਾਂ ਜ਼ਖਮੀ ਹੋ ਗਈਆਂ।
ਇਨ੍ਹਾਂ ਵਿਚੋਂ ਸੱਤ ਵਿਦਿਆਰਥਣਾਂ ਪ੍ਰਭਜੋਤ ਕੌਰ ਪੁੱਤਰੀ ਰਣਵੀਰ ਸਿੰਘ ਵਾਸੀ ਡਡਿਆਲ, ਨਾਜ਼ੀਆ ਪੁੱਤਰੀ ਮੁਹੰਮਦ ਸਲੀਮ ਵਾਸੀ ਸਲੇਮਪੁਰ, ਸਵੀਤਾ ਪੁੱਤਰੀ ਜਸਵਿੰਦਰ ਪਾਲ ਵਾਸੀ ਸਤਨੌਰ, ਅਰਸ਼ਪ੍ਰੀਤ ਕੌਰ ਪੁੱਤਰੀ ਜਸਵੰਤ ਸਿੰਘ ਵਾਸੀ ਜੱਲੋਵਾਲ, ਆਰਤੀ ਪੁੱਤਰੀ ਬੰਧਨਾ ਵਾਸੀ ਪਦਰਾਣਾ, ਗੁਰਪ੍ਰੀਤ ਕੌਰ ਪੁੱਤਰੀ ਜਸਵੀਰ ਸਿੰਘ ਵਾਸੀ ਕੁੱਕੜਾ, ਸਾਰੇ ਤਹਿਸੀਲ ਗੜ੍ਹਸ਼ੰਕਰ, ਜ਼ਿਲਾ ਹੁਸ਼ਿਆਰਪੁਰ ਅਤੇ ਸਿਮਰਨ ਕੌਰ ਵਾਸੀ ਕਾਹਮਾ ਜ਼ਿਲਾ ਐੱਸ.ਬੀ.ਐੱਸ. ਨਗਰ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ।
ਇਸ ਤੋਂ ਇਲਾਵਾ ਛੇ ਵਿਦਿਆਰਥਣਾਂ ਨੂੰ ਗੜ੍ਹਸ਼ੰਕਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਨ੍ਹਾਂ ਵਿਚੋਂ ਚਾਰ ਵਿਦਿਆਰਥਣਾਂ ਨੂੰ ਮੱਲ੍ਹਮ ਪੱਟੀ ਕਰਨ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਜਦੋਂ ਕਿ ਦੋ ਵਿਦਿਆਰਥਣਾਂ ਮਸਕੀਨ ਅਤੇ ਜੈਸਮੀਨ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਨਵਾਂਸ਼ਹਿਰ ਰੈਫਰ ਕਰ ਦਿੱਤਾ ਗਿਆ।

Leave a Reply

Your email address will not be published. Required fields are marked *