ਸ੍ਰੀ ਮੁਕਤਸਰ ਸਾਹਿਬ –ਫਰਵਰੀ ਮਹੀਨੇ ਦੇ ਪਹਿਲੇ ਦਿਨ ਸੰਘਣੀ ਧੁੰਦ ਕਾਰਨ ਜ਼ਿਲੇ ਦੇ ਪਿੰਡ ਹਰੀਕੇ ਕਲਾਂ ਦੇ ਕੋਲ ਭਿਆਨਕ ਸੜਕ ਹਾਦਸਾ ਵਾਪਰ ਗਿਆ। ਧੁੰਦ ਕਾਰਨ ਕਾਰ ਬੇਕਾਬੂ ਹੋ ਕੇ ਨਿੰਮ ਦੇ ਇਕ ਵੱਡੇ ਰੁੱਖ ਨਾਲ ਟਕਰਾ ਗਈ ਤੇ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ। ਹਾਦਸੇ ’ਚ ਜੀਜੇ-ਸਾਲੇ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਪਿੰਡ ਮਰਾੜ ਕਲਾਂ ਵਾਸੀ ਤਰਸੇਮ ਕੁਮਾਰ ਆਪਣੇ ਜੀਜੇ ਵਿਜੈ ਕੁਮਾਰ ਨੂੰ ਉਸ ਦੇ ਪਿੰਡ ਹਰੀਕੇ ਕਲਾਂ ਛੱਡਣ ਜਾ ਰਿਹਾ ਸੀ। ਪਿੰਡ ਹਰੀਕੇ ਕਲਾਂ ਲਿੰਕ ਰੋਡ ’ਤੇ ਸੰਘਣੀ ਧੁੰਦ ਕਾਰਨ ਕੁਝ ਵੀ ਦਿੱਖ ਨਹੀਂ ਰਿਹਾ ਸੀ। ਧੁੰਦ ਇੰਨੀ ਵੱਧ ਸੀ ਕਿ ਨੇੜੇ ਦੀ ਵੀ ਵਿਜ਼ੀਬਿਲਟੀ ਵੀ ਘੱਟ ਸੀ। ਇਸ ਦੌਰਾਨ ਕਾਰ ਅਚਾਨਕ ਬੇਕਾਬੂ ਹੋ ਕੇ ਰੁੱਖ ਨਾਲ ਜਾ ਟਕਰਾਈ ਤੇ ਖੇਤਾਂ ’ਚ ਉਤਰ ਗਈ।
ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਹੀ ਉੱਡ ਗਏ ਤੇ ਦੋਵੇਂ ਕਾਰ ਸਵਾਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਸ ਟੀਮ ਮੌਕੇ ’ਤੇ ਪਹੁੰਚ ਗਈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
