ਬੀ. ਐੱਸ. ਐੱਨ. ਐੱਲ. ਐਸੋਸੀਏਸ਼ਨ ਦੀ ਮੀਟਿੰਗ ’ਚ ਤਰਕਸ਼ੀਲ ਸਮਾਗਮ

80 ਤਰਕਸ਼ੀਲ ਕੈਲੰਡਰ ਵੰਡੇ

ਸੰਗਰੂਰ :- ਬੀ. ਐੱਸ. ਐੱਨ. ਐੱਲ. ਪੈਨਸ਼ਨਰ ਐਸੋਸੀਏਸ਼ਨ ਸੰਗਰੂਰ ਦੀ ਮਹੀਨਾਵਾਰ ਮੀਟਿੰਗ ਸ਼੍ਰੀ ਨੈਣਾ ਦੇਵੀ ਮੰਦਰ ਸੰਗਰੂਰ ਵਿਖੇ ਹੋਈ। ਇਸ ਮੌਕੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜ਼ੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ, ਤਰਕਸ਼ੀਲ ਆਗੂ ਲੈਕਚਰਾਰ ਜਸਦੇਵ ਸਿੰਘ ਤੇ ਇਕਾਈ ਮੁਖੀ ਸੁਰਿੰਦਰ ਪਾਲ ਨੇ ਹਾਜ਼ਰੀਨ ਨੂੰ ਆਪਣੇ ਸੋਚਣ ਢੰਗ ਵਿਗਿਆਨਕ ਬਣਾਉਣ ਦਾ ਭਾਵਪੂਰਤ ਸੁਨੇਹਾ ਦਿੱਤਾ।
ਉਨ੍ਹਾਂ ਰਹੱਸਮਈ ਜਾਪਦੀਆਂ ਘਟਨਾਵਾਂ ਦੇ ਹੱਲ ਕੀਤੇ ਕਈ ਕੇਸਾਂ ਦੀ ਰਿਪੋਰਟਿੰਗ ਕੀਤੀ। ਰਹੱਸਮਈ ਜਾਪਦੀਆਂ ਘਟਨਾਵਾਂ ਜਿਨ੍ਹਾਂ ਨੂੰ ਭੂਤ ਪ੍ਰੇਤਾਂ ਦੀ ਕਾਰਵਾਈ ਬਾਰੇ ਸੋਚਿਆ ਜਾਂਦਾ ਹੈ, ਦਾ ਪਰਦਾਫਾਸ਼ ਕਰਵਾਉਣ ਲਈ ਤਰਕਸ਼ੀਲ ਸੁਸਾਇਟੀ ਦੇ ਕਾਰਕੁੰਨਾਂ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਲੋਕਾਂ ਨੂੰ ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ ਦੇ ਹਨੇਰੇ ਵਿਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੀ ਰੌਸ਼ਨੀ ’ਚ ਆਉਣ ਤੇ ਤਰਕਸ਼ੀਲ ਲਹਿਰ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ।

ਇਸ ਮੌਕੇ ਤਰਕਸ਼ੀਲ ਸੁਸਾਇਟੀ ਦੇ ਨੁਮਾਇੰਦਿਆਂ ਵੱਲੋਂ 80 ਦੇ ਲਗਭਗ ਤਰਕਸ਼ੀਲ ਕੈਲੰਡਰ-2025 ਵੀ ਵੰਡੇ ਗਏ। ਤਰਕਸ਼ੀਲ ਚੇਤਨਾ ਪਰਖ਼ ਪ੍ਰੀਖਿਆ ਵਿਚ ਸਹਿਯੋਗ ਦੇਣ ਲਈ ਸੇਵਾ ਨਿਵਿਰਤ ਐੱਸ. ਡੀ. ਓ. ਅਸ਼ਵਨੀ ਕੁਮਾਰ ਲਹਿਰਾ ਦਾ ਸਨਮਾਨ ਪੱਤਰ ਤੇ ਵਿਗਿਆਨਕ ਵਿਚਾਰਾਂ ਵਾਲੀਆਂ ਪੁਸਤਕਾਂ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਬਲਦੇਵ ਸਿੰਘ ਠੁੱਲੀਵਾਲ ਨੇ ਧਰਮ ਅਤੇ ਨੈਤਿਕਤਾ ਸਬੰਧੀ ਪ੍ਰਭਾਵਸ਼ਾਲੀ ਤਕਰੀਰ ਕੀਤੀ। ਪੀ. ਕੇ. ਗਰਗ ਨੇ ਜੀਵਨਸ਼ੈਲੀ ਅਤੇ ਮਾਨਸਿਕ ਤੰਦਰੁਸਤੀ ਲਈ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ । ਸੁਖਦੇਵ ਸਿੰਘ ਵਾਈਸ ਪ੍ਰੈਜ਼ੀਡੈਂਟ ਹਿਊਮਨ ਰਾਇਟਸ, ਨਵਨੀਤ ਕੁਮਾਰ ਬਰਨਾਲ਼ਾ, ਬਲਦੇਵ ਸਿੰਘ ਸੰਗਰੂਰ ਅਤੇ ਤਰਕਸ਼ੀਲ ਆਗੂ ਮਾਸਟਰ ਪਰਮ ਵੇਦ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਅੰਤ ’ਚ ਅਸ਼ਵਨੀ ਕੁਮਾਰ ਨੇ ਦੂਰ ਦੁਰਾਡੇ ਤੋਂ ਆਏ ਸਾਰੇ ਪੈਨਸ਼ਨਰ ਤੇ ਤਰਕਸ਼ੀਲ ਸਾਥੀਆਂ ਸਾਥੀਆਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *