ਦੇਸ਼ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ
ਅੰਮ੍ਰਿਤਸਰ, 17 ਦਸੰਬਰ -ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਾਲੀਵੁੱਡ ਐਕਟਰ ਸੰਜੇ ਦੱਤ ਨੇ ਨਤਮਸਤਕ ਹੋ ਕੇ ਵਾਹਿਗੁਰੂ ਦੇ ਚਰਨਾਂ ਵਿਚ ਦੇਸ਼ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ। ਇਸ ਦੌਰਾਨ ਸੰਜੇ ਦੱਤ ਨੇ ਇਲਾਹੀ ਬਾਣੀ ਦਾ ਕੀਰਤਨ ਵੀ ਸੁਣਿਆ। ਸੱਚਖੰਡ ਪਹੁੰਚੇ ਸੰਜੇ ਦੱਤ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਬਹੁਤਿਆਂ ਨੇ ਸੰਜੇ ਬਾਬਾ ਕਹਿ ਕੇ ਉਨ੍ਹਾਂ ਨਾਲ ਸੈਲਫੀਆਂ ਖਿਚਵਾਈਆ।
ਇਸ ਦੌਰਾਨ ਸੰਜੇ ਦੱਤ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਉਹ ਪੰਜਾਬ ਆਏ ਹੋਏ ਹਨ ਅਤੇ ਪੰਜਾਬ ਵਿਚ ਆ ਕੇ ਉਨ੍ਹਾਂ ਨੂੰ ਬਹੁਤ ਵਧੀਆ ਲੱਗਾ। ਖਾਸ ਕਰ ਕੇ ਅੰਮ੍ਰਿਤਸਰ ਵਿਚ ਇੱਥੋਂ ਦੇ ਲੋਕਾਂ ਦਾ ਕਾਫੀ ਪਿਆਰ ਮਿਲਿਆ। ਉਨ੍ਹਾਂ ਕਿਹਾ ਕਿ ਇੱਥੇ ਅਸੀਂ ਇਕ ਫਿਲਮ ਦੀ ਸ਼ੂਟਿੰਗ ਦੇ ਸਿਲਸਿਲੇ ਵਿਚ ਆਏ ਹਾਂ ਤੇ ਅੱਜ ਗੁਰੂ ਘਰ ਮੱਥਾ ਟੇਕਣ ਦਾ ਮੌਕਾ ਮਿਲਿਆ ਹੈ। ਇਸ ਦੌਰਾਨ ਉਨ੍ਹਾਂ ਨੇ ਅੰਮ੍ਰਿਤਸਰ ਦੀ ਪ੍ਰਸਿੱਧ ਦੁਕਾਨ ਤੋਂ ਲੱਸੀ ਪੀਤੀ ਅਤੇ ਚਾਹ ਨਾਲ ਪਕੌੜਿਆਂ ਦਾ ਸਵਾਦ ਚੱਖਿਆ।
ਇਸ ਮੌਕੇ ਸੰਜੇ ਦੱਤ ਨੇ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਮੁਲਾਕਾਤ ਕਰ ਕੇ ਪੰਜਾਬ ਦੇ ਹਾਲਾਤਾਂ ਉਤੇ ਚਰਚਾ ਵੀ ਕੀਤੀ।
