ਦਸਤਾਰਬੰਦੀ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾ. ਜਥੇਦਾਰ ਸਮੇਤ ਕਈ ਧਾਰਮਿਕ ਸ਼ਖਸੀਅਤਾਂ ਰਹੀਆਂ ਮੌਜੂਦ

ਤਲਵੰਡੀ ਸਾਬੋ -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਕਰੀਬ ਇਕ ਮਹੀਨਾ ਪਹਿਲਾਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨਿਯੁਕਤ ਕੀਤੇ ਬਾਬਾ ਟੇਕ ਸਿੰਘ ਧਨੌਲਾ ਵੱਲੋਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜ੍ਹਗੱਜ ਅਤੇ ਤਖਤ ਸਾਹਿਬ ਦੇ ਪੰਜ ਪਿਆਰਿਆਂ ਸਮੇਤ ਹੋਰਨਾਂ ਧਾਰਮਿਕ ਸ਼ਖਸੀਅਤਾਂ ਦੀ ਮੌਜੂਦਗੀ ’ਚ ਤਖਤ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲ ਲਈ ਗਈ।
ਸ਼੍ਰੋਮਣੀ ਕਮੇਟੀ ਵੱਲੋਂ ਬਿਨਾਂ ਕਿਸੇ ਨਿਰਧਾਰਿਤ ਪ੍ਰੋਗਰਾਮ ਦੇ ਅਚਾਨਕ ਰੱਖੇ ਦਸਤਾਰਬੰਦੀ ਸਮਾਗਮ ’ਚ ਅੱਜ ਸਭ ਤੋਂ ਪਹਿਲਾਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਅਰਦਾਸ ਕੀਤੀ। ਉਪਰੰਤ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਵੱਡੀ ਗਿਣਤੀ ਸੰਗਤਾਂ ਦੀ ਹਾਜ਼ਰੀ ’ਚ ਬਾਬਾ ਟੇਕ ਸਿੰਘ ਧਨੌਲਾ ਦੀ ਜਥੇਦਾਰ ਵਜੋਂ ਨਿਯੁਕਤੀ ਸਬੰਧੀ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦਾ ਮਤਾ ਪੜ੍ਹ ਕੇ ਸੁਣਾਇਆ, ਜਦੋਂ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਨੇ ਅੱਜ ਬਾਬਾ ਟੇਕ ਸਿੰਘ ਦੀ ਦਸਤਾਰਬੰਦੀ ਕਰਨ ਦਾ ਰਸਮੀ ਐਲਾਨ ਕੀਤਾ।
ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾ. ਜਥੇਦਾਰ ਗਿਆਨੀ ਕੁਲਦੀਪ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਗਿਆਨੀ ਕੇਵਲ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਤਖਤ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਬਾਬਾ ਟੇਕ ਸਿੰਘ ਨੂੰ ਦਸਤਾਰਾਂ ਭੇਟ ਕੀਤੀਆਂ ਗਈਆਂ। ਸ਼੍ਰੋਮਣੀ ਕਮੇਟੀ ਵੱਲੋਂ ਸਕੱਤਰ ਪ੍ਰਤਾਪ ਸਿੰਘ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਰਪ੍ਰੀਤ ਸਿੰਘ ਝੱਬਰ ਮੈਂਬਰ ਸ਼੍ਰੋਮਣੀ ਕਮੇਟੀ ਨੇ ਦਸਤਾਰ ਭੇਟ ਕੀਤੀ।
ਦਸਤਾਰਬੰਦੀ ਸਮਾਗਮ ਦੌਰਾਨ ਗੁਰਨਾਮ ਸਿੰਘ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ, ਜਥੇਦਾਰ ਮੋਹਨ ਸਿੰਘ ਬੰਗੀ ਮੈਂਬਰ ਸ਼੍ਰੋਮਣੀ ਕਮੇਟੀ, ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ, ਤਖਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਭਾਈ ਰਣਜੀਤ ਸਿੰਘ, ਗੁ. ਬੁੰਗਾ ਮਸਤੂਆਣਾ ਦੇ ਮੁੱਖ ਸਕੱਤਰ ਭਾਈ ਸੰਤ ਸਿੰਘ, ਗਿਆਨੀ ਜਗਤਾਰ ਸਿੰਘ ਕੀਰਤਪੁਰੀ ਹੈੱਡ ਗ੍ਰੰਥੀ, ਗਿਆਨੀ ਗੁਰਜੰਟ ਸਿੰਘ, ਭੋਲਾ ਸਿੰਘ ਇੰਚਾਰਜ ਧਰਮ ਪ੍ਰਚਾਰ ਸਬ ਆਫਿਸ, ਦਰਸ਼ਨ ਸਿੰਘ ਢੀਂਡਸਾ, ਸੁਮੇਰ ਸਿੰਘ ਇੰਚਾਰਜ ਸਬ ਆਫਿਸ, ਗੁਰਦੇਵ ਸਿੰਘ ਵਧੀਕ ਮੈਨੇਜਰ, ਭਾਈ ਗਿਆਨ ਸਿੰਘ ਮੁੱਖ ਗ੍ਰੰਥੀ ਗੁ. ਨੌਵੀਂ ਪਾਤਸ਼ਾਹੀ ਆਦਿ ਸ਼ਖਸੀਅਤਾਂ ਮੌਜੂਦ ਸਨ।
ਉੱਧਰ ਦਸਤਾਰਬੰਦੀ ਉਪਰੰਤ ਗੱਲਬਾਤ ਕਰਦਿਆਂ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਕਿਹਾ ਕਿ ਮਾਲਵੇ ’ਚ ਧਰਮ ਪ੍ਰਚਾਰ ਲਹਿਰ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ ਅਤੇ ਪੰਜ-ਪੰਜ ਪਿੰਡਾਂ ਦੇ ਜ਼ੋਨ ਬਣਾਕੇ ਉੱਥੇ ਧਾਰਮਿਕ ਪ੍ਰੋਗਰਾਮ ਕਰਵਾਉਣ ਸਬੰਧੀ ਵਿਉਂਤਬੰਦੀ ਉਲੀਕੀ ਜਾਵੇਗੀ। ਉਨ੍ਹਾਂ ਨੇ ਇਸ ਮੌਕੇ ਸਮੁੱਚੀ ਕੌਮ ਨੂੰ ਖਾਲਸਾ ਸਾਜਨਾ ਦਿਹਾੜੇ ਵਿਸਾਖੀ ਦੀਆਂ ਸ਼ੁੱਭਕਾਮਨਾਵਾਂ ਭੇਟ ਕਰਦਿਆਂ ਅਪੀਲ ਕੀਤੀ ਕਿ ਉਹ 13 ਅਪ੍ਰੈਲ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਜਾਏ ਜਾਣ ਵਾਲੇ ਜੋੜ ਮੇਲੇ ’ਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਅਤੇ ਜਿਹੜੇ ਅਜੇ ਗੁਰੂ ਦੇ ਲੜ ਨਹੀਂ ਲੱਗੇ, ਉਹ ਖੰਡੇ ਬਾਟੇ ਦੀ ਪਾਹੁਲ ਛਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ।
ਇਸ ਮੌਕੇ ਗੁ. ਬੁੰਗਾ ਮਸਤੂਆਣਾ ਦੇ ਦਫਤਰ ਸਕੱਤਰ ਭਾਈ ਚੱਤਰ ਸਿੰਘ, ਡਾ. ਕਮਲਪ੍ਰੀਤ ਕੌਰ ਪ੍ਰਿੰਸੀਪਲ ਮਾਤਾ ਸਾਹਿਬ ਕੌਰ ਕਾਲਜ, ਸਤਿੰਦਰ ਸਿੰਘ ਸਿੱਧੂ ਪ੍ਰਧਾਨ ਬਾਰ ਐਸੋਸੀਏਸ਼ਨ, ਜਸਵਿੰਦਰ ਸਿੰਘ ਜਗਾ ਸਰਕਲ ਪ੍ਰਧਾਨ ਅਕਾਲੀ ਦਲ, ਗੁਲਜਾਰ ਸਿੰਘ ਪੱਪੂ ਸਾਬਕਾ ਸਰਪੰਚ ਮਲਕਾਣਾ, ਤੇਜਾ ਸਿੰਘ ਮਲਕਾਣਾ ਹਾਜ਼ਰ ਸਨ।
