ਬਾਦਸ਼ਾਹਪੁਰ ਪੁਲਿਸ ਚੌਕੀ ਦੇ ਬਾਹਰ ਧਮਾਕਾ, ਖਿਡ਼ਕੀਆਂ ਟੁੱਟੀਆਂ

ਧਮਾਕੇ ’ਚ ਗਰੇਨੇਡ ਜਾਂ ਕਿਸੇ ਹੋਰ ਹਥਿਆਰ ਦੀ ਵਰਤੋਂ ਦਾ ਕੋਈ ਸੁਰਾਗ ਨਹੀਂ ਮਿਲਿਆ : ਐੱਸ. ਐੱਸ. ਪੀ. ਡਾ. ਨਾਨਕ ਸਿੰਘ

ਪਾਤਡ਼ਾਂ – ਜ਼ਿਲਾ ਪਟਿਆਲਾ ਦੀ ਪਾਤਡ਼ਾਂ ਸਬ-ਡਵੀਜ਼ਨ ਅਧੀਨ ਪੈਂਦੀ ਬਾਦਸ਼ਾਹਪੁਰ ਪੁਲਿਸ ਚੌਕੀ ਦੇ ਬਾਹਰ ਬੀਤੀ ਰਾਤ ਇਕ ਜ਼ਬਰਦਸਤ ਧਮਾਕਾ ਹੋਇਆ। ਧਮਾਕਾ ਐਨਾ ਵੱਡਾ ਸੀ ਕਿ ਚੌਕੀ ਦੀਆਂ ਖਿਡ਼ਕੀਆਂ ਟੁੱਟ ਗਈਆਂ। ਇਹ ਘਟਨਾ ਬੀਤੀ ਰਾਤ 2.00 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ। ਧਮਾਕੇ ਕਾਰਨ ਨੇੜਲੇ ਇਲਾਕੇ ’ਚ ਦਹਿਸ਼ਤ ਫੈਲ ਗਈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਐੱਸ. ਐੱਸ. ਪੀ. ਡਾ. ਨਾਨਕ ਸਿੰਘ, ਐੱਸ. ਪੀ. ਇਨਵੈਸਟੀਗੇਸ਼ਨ ਯੋਗੇਸ਼ ਸ਼ਰਮਾ ਅਤੇ ਡੀ. ਐੱਸ. ਪੀ. ਪਾਤਡ਼ਾਂ ਇੰਦਰਪਾਲ ਸਿੰਘ ਚੌਹਾਨ ਮੌਕੇ ਦਾ ਜਾਇਜ਼ਾ ਲੈਣ ਪਹੁੰਚੇ।

ਐੱਸ. ਐੱਸ. ਪੀ. ਨੇ ਕਿਹਾ ਕਿ ਮੁੱਢਲੀ ਜਾਂਚ ’ਚ ਗਰੇਨੇਡ ਜਾਂ ਫਿਰ ਕਿਸੇ ਹੋਰ ਹਥਿਆਰ ਦਾ ਇਸਤੇਮਾਲ ਹੋਣ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ। ਸਾਡੇ ਵੱਲੋਂ ਸਾਡੇ ਐਂਗਲਾਂ ਤੋਂ ਜਾਂਚ ਕਰ ਲਈ ਗਈ ਹੈ। ਇਥੋਂ ਤੱਕ ਕਿ ਖੇਤਾਂ ’ਚ ਵੀ ਜਾਂਚ ਕੀਤੀ ਗਈ ਹੈ ਪਰ ਕੋਈ ਸੁਰਾਗ ਨਹੀਂ ਮਿਲਿਆ।
ਉਨ੍ਹਾਂ ਕਿਹਾ ਕਿ ਚੌਕੀ ਦੇ ਬਾਹਰ ਧਮਾਕੇ ਕਾਰਨ ਕਿਸੇ ਤਰ੍ਹਾਂ ਦਾ ਖੱਡਾ ਆਦਿ ਵੀ ਨਹੀਂ ਬਣਿਆ। ਧਮਾਕੇ ਦੀ ਜਾਣਕਾਰੀ ਜ਼ਰੂਰ ਹੈ ਪਰ ਗਰੇਨੇਡ ਜਾਂ ਫਿਰ ਕਿਸੇ ਹੋਰ ਹਥਿਆਰ ਦੇ ਹਮਲੇ ਦੀ ਕੋਈ ਗੱਲ ਸਾਹਮਣੇ ਨਹੀਂ ਆਈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਜਿਹਡ਼ੀ ਵੀ ਗੱਲ ਸਾਹਮਣੇ ਆਵੇਗੀ, ਉਸ ਮੁਤਾਬਕ ਸਾਰਿਆਂ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਉਨ੍ਹਾਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਪਟਿਆਲਾ ਪੁਲਸ ਹਰ ਹਾਲਾਤ ਨਾਲ ਨਜਿੱਠਣ ਲਈ ਸਮਰੱਥ ਹੈ। ਜਿਹਡ਼ੇ ਵੀ ਵਿਅਕਤੀ ਇਸ ਸ਼ਰਾਰਤ ਦੇ ਪਿੱਛੇ ਹੋਵੇਗਾ, ਉਸ ਦੀ ਪਛਾਣ ਕਰ ਕੇ ਉਸ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *