ਹਰਿਆਣਾ : ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਵਿਚ ਨਾਰਾਇਣਗੜ੍ਹ ਤੋਂ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਹਰਬਿਲਾਸ ਰੱਜੂਮਾਜਰਾ ਦਾ ਦੇਰ ਰਾਤ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।ਗੋਲੀ ਚੱਲਦੇ ਹੀ ਇਲਾਕੇ ਵਿਚ ਹਫ਼ੜਾ-ਦਫ਼ੜੀ ਮਚ ਗਈ
ਮਿਲੀ ਜਾਣਕਾਰੀ ਅਨੁਸਾਰ ਹਰਬਿਲਾਸ ਆਹਲੂਵਾਲੀਆ ਪਾਰਕ ਨੇੜੇ ਆਪਣੇ ਕੁਝ ਦੋਸਤਾਂ ਨਾਲ ਇੱਕ ਕਾਰ ਵਿੱਚ ਸਵਾਰ ਸਨ, ਇਸ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ।
ਘਟਨਾ ਸਥਾਨ ‘ਤੇ ਮੌਕੇ ‘ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਨਾਰਾਇਣਗੜ੍ਹ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਪੀਜੀਆਈਐਮਐਸ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ, ਜਿੱਥੇ ਦੇਰ ਰਾਤ ਉਸਦੀ ਮੌਤ ਹੋ ਗਈ। ਇਸ ਵਾਰਦਾਤ ਦੌਰਾਨ ਉਹਨਾਂ ਦੇ ਨਾਲ ਮੌਜੂਦ ਉਹਨਾਂ ਦੇ ਦੋਸਤ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।
ਜ਼ਿਕਰ ਕਰਨਾ ਬਣਦਾ ਹੈ ਕਿ ਹਰਿਆਣਾ ਵਿਚ ਬੀਤੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਹਰਬਿਲਾਸ ਨੇ ਬਸਪਾ-ਇਨੈਲੋ ਦੇ ਸਾਂਝੇ ਉਮੀਦਵਾਰ ਵਜੋਂ ਨਾਰਾਇਣਗੜ੍ਹ ਸੀਟ ਤੋਂ ਚੋਣ ਲੜੀ ਸੀ। ਉਹ ਹਰਿਆਣਾ ਵਿੱਚ ਬਹੁਜਨ ਸਮਾਜ ਪਾਰਟੀ ਦੇ ਸੂਬਾ ਸਕੱਤਰ ਸਨ।
