ਬਠਿੰਡਾ :-ਪੰਜਾਬ ਪੁਲਸ ਦੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ, ਜਿਸਨੂੰ 2 ਅਪ੍ਰੈਲ ਨੂੰ ਬਠਿੰਡਾ ਦੇ ਬਾਦਲ ਰੋਡ ਨੇੜੇ 17 ਗ੍ਰਾਮ ਸ਼ੱਕੀ ਚਿੱਟੇ ਪਾਊਡਰ ਨਾਲ ਫੜਿਆ ਗਿਆ ਸੀ, ਉਸਦੇ ਪੁਲਸ ਰਿਮਾਂਡ ਦੀ ਮਿਆਦ ਖਤਮ ਹੋਣ ਤੋਂ ਬਾਅਦ ਮੰਗਲਵਾਰ ਨੂੰ ਇਕ ਵਾਰ ਫਿਰ ਅਦਾਲਤ ਵਿਚ ਪੇਸ਼ ਕੀਤਾ ਗਿਆ। ਹਾਲਾਂਕਿ ਪੁਲਸ ਅਤੇ ਸਰਕਾਰੀ ਵਕੀਲਾਂ ਨੇ ਦੂਜੇ ਰਿਮਾਂਡ ਦੀ ਮੰਗ ਕੀਤੀ ਪਰ ਅਦਾਲਤ ਨੇ ਇਸਨੂੰ ਰੱਦ ਕਰ ਦਿੱਤਾ ਅਤੇ ਮੁਲਜ਼ਮ ਨੂੰ 22 ਅਪ੍ਰੈਲ 2025 ਤਕ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ।
ਪਿਛਲੇ ਪੰਜ ਦਿਨਾਂ ਤੋਂ ਪੁਲਸ ਰਿਮਾਂਡ ’ਤੇ ਰਹੀ ਅਮਨਦੀਪ ਕੌਰ ਤੋਂ ਅਜੇ ਤਕ ਕੋਈ ਵੱਡੀ ਜਾਂ ਠੋਸ ਬਰਾਮਦਗੀ ਨਹੀਂ ਹੋਈ ਹੈ। ਪੁੱਛਗਿੱਛ ਦੌਰਾਨ ਉਸਨੇ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਦੀ ਜ਼ਿੰਮੇਵਾਰੀ ਆਪਣੇ ਕਰੀਬੀ ਦੋਸਤ ਬਲਵਿੰਦਰ ਸਿੰਘ ਉਰਫ ਸੋਨੂੰ ’ਤੇ ਪਾਈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਸੋਨੂੰ ਨੂੰ ਗ੍ਰਿਫਤਾਰ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਦੋਵਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾ ਸਕੇ। ਇਸ ਵੇਲੇ ਸੋਨੂੰ ਫਰਾਰ ਹੈ ਅਤੇ ਉਸਦੀ ਭਾਲ ਜਾਰੀ ਹੈ।
ਜਾਂਚ ਦੌਰਾਨ ਅਮਨਦੀਪ ਕੌਰ ਦੀ ਜਾਇਦਾਦ ਸਬੰਧੀ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਸੂਤਰਾਂ ਅਨੁਸਾਰ, ਉਹ ਬਠਿੰਡਾ ਦੀ ਆਲੀਸ਼ਾਨ ਵਿਰਾਟ ਗ੍ਰੀਨ ਕਾਲੋਨੀ ’ਚ 217 ਗਜ਼ ਦੀ ਇਕ ਆਲੀਸ਼ਾਨ ਹਵੇਲੀ ਦੀ ਮਾਲਕਣ ਹੈ। ਇਸ ਤੋਂ ਇਲਾਵਾ, ਗ੍ਰੀਨ ਸਿਟੀ ਕਾਲੋਨੀ ’ਚ ਇਕ ਹੋਰ ਪਲਾਟ (ਪਲਾਟ ਨੰਬਰ 245) ਵੀ ਉਸਦੇ ਨਾਂ ’ਤੇ ਦੱਸਿਆ ਜਾਂਦਾ ਹੈ। ਉਸ ਕੋਲ ਥਾਰ ਵਰਗੀ ਮਹਿੰਗੀ ਕਾਰ ਅਤੇ ਇਕ ਸਕੂਟਰ ਵੀ ਹੈ, ਜਦੋਂ ਕਿ ਇਕ ਬੁਲੇਟ ਮੋਟਰਸਾਈਕਲ ਉਸਦੇ ਇਕ ਦੋਸਤ ਦੇ ਨਾਂ ’ਤੇ ਹੈ।
ਤਲਾਸ਼ੀ ਦੌਰਾਨ ਉਸਦੇ ਘਰੋਂ ਚਾਰ ਮੋਬਾਈਲ ਫੋਨ ਬਰਾਮਦ ਹੋਏ, ਜਿਨ੍ਹਾਂ ’ਚੋਂ ਦੋ ਨਸ਼ੇ ਵਾਲੇ ਪਦਾਰਥਾਂ ਦੀ ਬਰਾਮਦਗੀ ਸਮੇਂ ਜ਼ਬਤ ਕੀਤੇ ਗਏ ਸਨ ਅਤੇ ਦੋ ਉਸਦੇ ਘਰੋਂ ਜ਼ਬਤ ਕੀਤੇ ਗਏ ਸਨ। ਇਹ ਸਾਰੇ ਮੋਬਾਈਲ ਹੁਣ ਚੰਡੀਗੜ੍ਹ ਦੀ ਫੋਰੈਂਸਿਕ ਲੈਬ ਵਿਚ ਭੇਜ ਦਿੱਤੇ ਗਏ ਹਨ।
ਇਸ ਤੋਂ ਇਲਾਵਾ, ਉਸਦੇ ਘਰੋਂ ਮਹਿੰਗੀਆਂ ਘੜੀਆਂ, ਬ੍ਰਾਂਡੇਡ ਐਨਕਾਂ, ਪਰਫਿਊਮ ਅਤੇ ਮਹਿੰਗੇ ਵਿਦੇਸ਼ੀ ਨਸਲ ਦੇ ਕੁੱਤੇ, ਜੋ ਕਿ ਸੋਸ਼ਲ ਮੀਡੀਆ ’ਤੇ ਅਕਸਰ ਦੇਖੇ ਜਾਂਦੇ ਹਨ, ਵੀ ਮਿਲੇ ਹਨ। ਪੁਲਸ ਉਨ੍ਹਾਂ ਦੀ ਖਰੀਦ ਦੇ ਸਰੋਤ ਦੀ ਵੀ ਜਾਂਚ ਕਰ ਰਹੀ ਹੈ।
ਇਸ ਹਾਈਪ੍ਰੋਫਾਈਲ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਐੱਸ. ਐੱਸ. ਪੀ. ਖੁਦ ਅਤੇ ਹੋਰ ਸੀਨੀਅਰ ਅਧਿਕਾਰੀ ਜਾਂਚ ’ਚ ਸ਼ਾਮਲ ਹੋ ਗਏ ਹਨ। ਇਸ ਵੇਲੇ ਪੁਲਸ ਇਸ ਮਾਮਲੇ ਨੂੰ ਸਿਰਫ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਤਕ ਸੀਮਤ ਨਹੀਂ ਰੱਖ ਰਹੀ ਹੈ, ਸਗੋਂ ਜਾਇਦਾਦ, ਸੋਸ਼ਲ ਮੀਡੀਆ ਪ੍ਰਭਾਵ ਅਤੇ ਕਥਿਤ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਕਰਨ ’ਚ ਰੁਝੀ ਹੋਈ ਹੈ।
