ਬਠਿੰਡਾ – ਪੰਜਾਬ ਸਰਕਾਰ ਉਪਰਾਲੇ ਸਦਕਾ ਬਠਿੰਡਾ ’ਚ ਸਥਾਪਤ ਕੀਤਾ ਗਿਆ ਬੀੜ ਤਲਾਬ ਮਿੰਨੀ ਚਿੜੀਆ ਘਰ ਅੱਜ ਵੀ ਬੱਚਿਆਂ ਅਤੇ ਲੋਕਾਂ ਲਈ ਖਿੱਚ ਦਾ ਕੇਂਦਰ ਹੈ। ਜਿਥੇ ਹੁਣ ਬੀੜ ਤਲਾਬ ਮਿੰਨੀ ਚਿੜੀਆ ਘਰ ’ਚ ਦੋ ਮਾਦਾ ਤੇਂਦੂਆ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਨੂੰ ਬਠਿੰਡਾ ਨੂੰ ਬੜੀ ਬੇਸਬਰੀ ਨਾਲ ਉਡੀਕ ਰਹੇ ਸਨ। ਦੋ ਨਵੇਂ ਮਹਿਮਾਨਾਂ ਦੇ ਆਉਣ ਕਾਰਨ ਇਥੇ ਲੋਕਾਂ ਦੀ ਆਮਦ ਵਧਣ ਦੀ ਉਮੀਦ ਕੀਤੀ ਜਾ ਰਹੀ ਹੈ।
ਇਸ ਸਬੰਧੀ ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀ ਵੀ ਬਾਗੋਬਾਗ ਹਨ। ਚਿੜੀਆ ਘਰ ਦੇ ਰੇਂਜ ਅਫ਼ਸਰ ਗੁਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸੈਂਟਰਲ ਜੂ ਅਥਾਰਿਟੀ ਦੀ ਪ੍ਰਵਾਨਗੀ ਤੋਂ ਬਾਅਦ ਦੋ ਮਾਦਾ ਤੇਂਦੂਆ ਲਿਆਂਦੇ ਗਏ, ਜਿਨ੍ਹਾਂ ਨੂੰ ਬੀਤੀ ਰਾਤ ਵਣ ਅਤੇ ਜੰਗਲੀ ਜੀਵ ਸੁਰੱਖਿਆ ਦੀ ਟੀਮ ਡਾਕਟਰਾਂ ਦੀ ਨਿਗਰਾਨੀ ਹੇਠ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਹਮੀਰਪੁਰ ਸਥਿਤ ਧੌਲਾਧਾਰ ਨੇਚਰ ਪਾਰਕ ਤੋਂ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆਂ ਕਿ ਜਲਦੀ ਹੀ ਇਥੇ ਇਕ ਭਾਲੂ ਵੀ ਲਿਆਦਾ ਜਾਵੇਗਾ, ਜਿਸ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਗੌਰਤਲਬ ਹੈ ਕਿ ਬਠਿੰਡਾ ਚਿੜੀਆਘਰ ਵਿਚ ਕਰੀਬ ਵੱਖ-ਵੱਖ ਪ੍ਰਜਾਤੀਆਂ ਦੇ 650 ਤੋਂ ਵੱਧ ਪੰਛੀ ਹਨ, ਜਿਨ੍ਹਾਂ ’ਚ ਤੋਤੇ, ਮੋਰ, ਉੱਲੂ, ਚਿੜੀਆਂ ਤੇ ਕਬੂਤਰ ਸ਼ਾਮਲ ਹਨ। ਇਸ ਤੋਂ ਇਲਾਵਾ ਬਠਿੰਡਾ ’ਚ ਜੰਗਲੀ ਕੁੱਕੜ, ਪੇਂਟਿਡ ਸਟੋਰਕਸ ਸਮੇਤ ਡੀਅਰ ਸਫ਼ਾਰੀ ’ਚ ਬਾਰਕਿੰਗ ਡੀਅਰ, ਬਲੈਕ ਬੱਗ, ਬਾਰਾਂ ਸਿੰਗੇ ਤੇ ਕਾਲੇ ਹਿਰਨਾਂ ਸਮੇਤ ਬਾਂਦਰ, ਲੰਗੂਰ, ਗਿੱਦੜ ਤੇ ਬਿੱਲੀਆਂ ਸ਼ਾਮਲ ਹਨ।
