ਪ੍ਰਸ਼ਾਸਨ ਹੋਇਆ ਚੌਕਸ
ਬਠਿੰਡਾ :– ਪੰਜਾਬ ਦੀ ਕੇਂਦਰੀ ਜੇਲ ਬਠਿੰਡਾ ਇਕ ਵਾਰ ਫਿਰ ਸੁਰਖੀਆਂ ’ਚ ਹੈ , ਇਸ ਵਾਰ ਕਿਸੇ ਅਪਰਾਧਿਕ ਘਟਨਾ ਕਾਰਨ ਨਹੀਂ, ਬਲਕਿ ਗੈਂਗਸਟਰਾਂ ਵੱਲੋਂ ਕੀਤੀ ਜਾ ਰਹੀ ਭੁੱਖ ਹੜਤਾਲ ਦੀ ਵਜ੍ਹਾ ਨਾਲ।
ਜਾਣਕਾਰੀ ਮੁਤਾਬਕ ਸੁੱਖਾ ਕਾਹਲਵਾਂ ਗਰੁੱਪ ਨਾਲ ਸਬੰਧਤ ਦੋ ਗੈਂਗਸਟਰ ਗੌਰਵ ਸ਼ਰਮਾ ਉਰਫ ਗੋਰੂ ਬੱਚਾ ਅਤੇ ਗੁਰਪ੍ਰੀਤ ਸਿੰਘ ਪਿਛਲੇ 22 ਜਨਵਰੀ ਦੀ ਸ਼ਾਮ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ’ਤੇ ਬੈਠੇ ਹਨ। ਜੇਲ ਪ੍ਰਸ਼ਾਸਨ ਨੇ ਇਸ ਮਾਮਲੇ ਸਬੰਧੀ ਸਿਵਲ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਹੈ।
ਡਿਪਟੀ ਕਮਿਸ਼ਨਰ ਬਠਿੰਡਾ ਨੇ ਐੱਸ. ਡੀ. ਐੱਮ. ਅਤੇ ਡੀ. ਐੱਸ. ਪੀ. ਸਿਟੀ-2 ਨੂੰ ਦੋਵੇਂ ਗੈਂਗਸਟਰਾਂ ਨਾਲ ਗੱਲਬਾਤ ਕਰ ਕੇ ਹੜਤਾਲ ਖਤਮ ਕਰਵਾਉਣ ਦੀ ਜ਼ਿੰਮੇਵਾਰੀ ਦਿੱਤੀ ਹੈ। ਹਾਲਾਂਕਿ, ਅਜੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਹ ਕਿਸ ਕਾਰਨ ਭੁੱਖ ਹੜਤਾਲ ’ਤੇ ਹਨ ਪਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਕਾਊਂਸਲਿੰਗ ਕਰ ਕੇ ਮਾਮਲੇ ਦਾ ਹੱਲ ਕੱਢਣ ਦੀ ਯੋਜਨਾ ਬਣਾਈ ਹੈ।
ਸੁੱਖਾ ਕਾਹਲਵਾਂ ਗਿਰੋਹ ਨਾਲ ਨਾਤਾ
ਜੋ ਦੋ ਗੈਂਗਸਟਰ ਭੁੱਖ ਹੜਤਾਲ ’ਤੇ ਹਨ, ਉਹ 2015 ’ਚ ਫਗਵਾੜਾ-ਗੁਰਾਇਆ ’ਚ ਗੈਂਗਸਟਰ ਵਿੱਕੀ ਗੌਂਡਰ ਅਤੇ ਉਸ ਦੇ ਸਾਥੀਆਂ ਵੱਲੋਂ ਕਤਲ ਕੀਤੇ ਗਏ ਗੈਂਗਸਟਰ ਸੁੱਖਾ ਕਾਹਲਵਾਂ ਦੇ ਸਾਥੀ ਹਨ।
ਗੈਂਗਸਟਰ ਗੌਰਵ ਸ਼ਰਮਾ ਉਰਫ ਗੋਰੂ ਬੱਚਾ ’ਤੇ 50 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ, ਜਦਕਿ ਗੁਰਪ੍ਰੀਤ ਸਿੰਘ ਖਿਲਾਫ ਵੀ ਕਤਲ, ਲੁੱਟ ਅਤੇ ਹੋਰ ਗੰਭੀਰ ਮਾਮਲੇ ਲੱਗੇ ਹੋਏ ਹਨ। ਦੋਵੇਂ ਨੇ ਜੇਲ ਪ੍ਰਸ਼ਾਸਨ ’ਤੇ ਵੀ ਕਈ ਤਰ੍ਹਾਂ ਦੇ ਦੋਸ਼ ਲਗਾਏ ਹਨ ਅਤੇ ਬਕਾਇਦਾ ਸ਼ਿਕਾਇਤਾਂ ਵੀ ਦਿੱਤੀਆਂ ਹਨ।
ਭੁੱਖ ਹੜਤਾਲ ਖਤਮ ਕਰਵਾਉਣ ਲਈ ਪ੍ਰਸ਼ਾਸਨ ਦੀ ਕੋਸ਼ਿਸ਼
ਜੇਲ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਭੁੱਖ ਹੜਤਾਲ ਖਤਮ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੋਵੇਂ ਗੈਂਗਸਟਰਾਂ ਦੀ ਕਾਊਂਸਲਿੰਗ ਕਰਕੇ ਹੜਤਾਲ ਖਤਮ ਕਰਵਾਉਣ ਲਈ ਉਨ੍ਹਾਂ ਨਾਲ ਗੱਲਬਾਤ ਜਾਰੀ ਹੈ। ਉੱਥੇ ਹੀ, ਸੁਰੱਖਿਆ ਨੂੰ ਲੈ ਕੇ ਵੀ ਪ੍ਰਸ਼ਾਸਨ ਨੇ ਸਖਤ ਉਪਾਅ ਕਰ ਲਏ ਹਨ, ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ। ਜੇਲ ਸੁਪਰਡੈਂਟ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਹੜਤਾਲ ਖਤਮ ਹੋ ਚੁੱਕੀ ਹੈ ਅਤੇ ਮਾਮਲਾ ਵੀ ਨਿਪਟ ਚੁੱਕਾ ਹੈ, ਜਦਕਿ ਦੋਵੇਂ ਗੈਂਗਸਟਰ ਅਜੇ ਵੀ ਭੁੱਖ ਹੜਤਾਲ ’ਤੇ ਹਨ।

