ਧੋਖਾਦੇਹੀ ਨਾਲ ਤਿਆਰ ਕੀਤੇ ਜਾਂਦੇ ਸਨ ਡਿਸਪੋਜ਼ਲ ਜੀਪਾਂ ਲਈ ਦਸਤਾਵੇਜ਼, ਡੱਬਵਾਲੀ ਤੋਂ 5 ਜੀਪਾਂ ਬਰਾਮਦ
ਬਠਿੰਡਾ :- ਵਿਜੀਲੈਂਸ ਬਿਊਰੋ ਨੇ ਬਠਿੰਡਾ ਦੇ ਆਰ. ਟੀ. ਓ. ਦਫਤਰ ’ਚ ਇਕ ਵੱਡੀ ਕਾਰਵਾਈ ਕਰਦਿਆਂ ਧੋਖਾਦੇਹੀ ਨਾਲ ਡਿਸਪੋਜ਼ ਕੀਤੇ ਵਾਹਨਾਂ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ. ਸੀ.) ਤਿਆਰ ਕਰਨ ਦੇ ਮਾਮਲੇ ਵਿਚ ਕੇਸ ਦਰਜ ਕੀਤਾ ਹੈ। ਇਹ ਵਿਜੀਲੈਂਸ ਕਾਰਵਾਈ ਡੀ. ਐੱਸ. ਪੀ. ਕੁਲਵੰਤ ਸਿੰਘ ਲਹਿਰੀ ਦੀ ਅਗਵਾਈ ਹੇਠ ਕੀਤੀ ਗਈ, ਜਿਸ ’ਚ ਰਿਕਾਰਡ ’ਚ ਛੇੜਛਾੜ ਦੇ ਸੰਕੇਤ ਮਿਲੇ। ਵਿਭਾਗ ਨੇ ਡੱਬਵਾਲੀ ਤੋਂ 5 ਜੀਪਾਂ ਵੀ ਬਰਾਮਦ ਕੀਤੀਆਂ ਹਨ, ਜਿਨ੍ਹਾਂ ਨੂੰ ਸੋਧਿਆ ਗਿਆ ਹੈ ਅਤੇ ਉਨ੍ਹਾਂ ਸਾਰਿਆਂ ’ਤੇ ਬਠਿੰਡਾ ਦੇ ਨੰਬਰ ਲੱਗੇ ਹੋਏ ਹਨ।
ਪਤਾ ਲੱਗਾ ਹੈ ਕਿ ਉਕਤ ਜੀਪਾਂ ਗੁਜਰਾਤ ਤੋਂ ਲਿਆਂਦੀਆਂ ਗਈਆਂ ਸਨ ਅਤੇ ਉਨ੍ਹਾਂ ’ਤੇ ਧੋਖਾਦੇਹੀ ਨਾਲ ਬਠਿੰਡਾ ਦੇ ਨੰਬਰ ਲਗਾਏ ਗਏ ਸਨ।
ਛਾਪੇਮਾਰੀ ਦੌਰਾਨ ਇਹ ਪਾਇਆ ਗਿਆ ਕਿ ਪੰਜ ਡਿਸਪੋਜ਼ਲ ਵਾਹਨਾਂ ਦੇ ਆਰ. ਸੀ. ਧੋਖਾਦੇਹੀ ਨਾਲ ਰਿਕਾਰਡ ਵਿਚ ਦਰਜ ਕੀਤੇ ਗਏ ਸਨ। ਇਸ ਮਾਮਲੇ ’ਚ ਦੋ ਵਿਅਕਤੀਆਂ ਨਵੀਨ ਕੁਮਾਰ ਅਤੇ ਇੰਦਰਜੀਤ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ਨੇ ਜਾਅਲੀ ਪਤਾ ਦੇ ਕੇ ਬਠਿੰਡਾ ਤੋਂ ਐੱਨ. ਓ. ਸੀ. ਪ੍ਰਾਪਤ ਕੀਤੀ ਸੀ। ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਹ ਵਾਹਨ ਡੱਬਵਾਲੀ ਇਲਾਕੇ ’ਚ ਵੇਚੇ ਜਾਣੇ ਸਨ, ਜਿੱਥੇ ਬਠਿੰਡਾ ਨੰਬਰ ਪਲੇਟਾਂ ਵਾਲੇ ਵਾਹਨਾਂ ਦੀ ਬਹੁਤਾਤ ਹੈ।
ਵਿਜੀਲੈਂਸ ਟੀਮ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਆਰ. ਟੀ. ਓ. ਦਫਤਰ ਦੇ ਕਿਹੜੇ ਕਰਮਚਾਰੀਆਂ ਨੇ ਆਰ. ਸੀ. ਬਣਾਉਣ ਦੀ ਪ੍ਰਕਿਰਿਆ ਵਿਚ ਭੂਮਿਕਾ ਨਿਭਾਈ। ਇਸ ਪੂਰੀ ਧੋਖਾਦੇਹੀ ’ਚ ਕਿਸੇ ਅੰਦਰੂਨੀ ਮਿਲੀਭੁਗਤ ਦਾ ਸ਼ੱਕ ਹੈ। ਵਿਜੀਲੈਂਸ ਨੇ ਕੁਝ ਰਿਕਾਰਡ ਆਪਣੇ ਕਬਜ਼ੇ ’ਚ ਲੈ ਲਏ ਹਨ ਅਤੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਇਕ ਸਰਕਾਰੀ ਕਰਮਚਾਰੀ ਆਪਣੀ ਡਿਊਟੀ ਛੱਡ ਕੇ ਆਰ. ਟੀ. ਓ. ਦਫਤਰ ’ਚ ਏਜੰਟ ਵਜੋਂ ਕੰਮ ਕਰ ਰਿਹਾ ਹੈ ਅਤੇ ਉਸਦੀ ਜਗ੍ਹਾ ਕਿਸੇ ਹੋਰ ਨੂੰ ਕੰਮ ਕਰਨ ਲਈ ਭੇਜਦਾ ਹੈ। ਇਸ ਮਾਮਲੇ ਦੀ ਜਾਂਚ ਵੀ ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਹੈ।
