ਬਟਾਲਾ : ਬੀਤੀ ਦੇਰ ਰਾਤ ਪਿੰਡ ਕਰਨਾਮਾ ਦੇ ਮੌਜੂਦਾ ਸਰਪੰਚ ਦੇ ਭਰਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਹੈ।
ਇਸ ਸਬੰਧੀ ਮ੍ਰਿਤਕ ਦੇ ਭਰਾ ਸਰਪੰਚ ਗੁਰਮੀਤ ਸਿੰਘ ਵਾਸੀ ਕਰਨਾਮਾ ਨੇ ਦੱਸਿਆ ਕਿ ਭਰਾ ਬਲਬੀਰ ਸਿੰਘ ਉਰਫ ਸਾਬੀ (50) ਪੁੱਤਰ ਲਖਬੀਰ ਸਿੰਘ ਦੀ ਅੱਡਾ ਪੰਜਗਰਾਈਆਂ ਵਿਖੇ ਇਲੈਕਟ੍ਰੀਸ਼ਨ ਦੀ ਦੁਕਾਨ ਹੈ ਅਤੇ ਬੀਤੀ ਰਾਤ ਕਰੀਬ ਸਾਢੇ 9 ਵਜੇ ਦੇ ਘਰੋਂ ਆਪਣੀ ਪੀ.ਬੀ.06ਏ.ਈ.9381 ਕਾਰ ’ਤੇ ਸਵਾਰ ਹੋ ਕੇ ਪਿੰਡ ਰਸੂਲਪੁਰ ਨੂੰ ਗਿਆ ਸੀ ਅਤੇ ਸਵੇਰੇ ਸਾਨੂੰ ਪਤਾ ਚੱਲਿਆ ਕਿ ਪਿੰਡ ਰਸੂਲਪੁਰ ਤੋਂ ਦੁਨੀਆ ਸੰਧੂ ਵਿਚਕਾਰ ਇਕ ਕਾਰ ’ਚ ਮ੍ਰਿਤਕਦੇਹ ਪਈ ਹੈ, ਜਿਸ ’ਤੇ ਉਹ ਤੁਰੰਤ ਮੌਕੇ ’ਤੇ ਪਹੁੰਚੇ ਤਾਂ ਦੇਖਿਆ ਕਿ ਸਾਡਾ ਭਰਾ, ਜਿਸ ਨੂੰ ਅਣਪਛਾਤਿਆਂ ਵੱਲੋਂ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ, ਕਾਰ ’ਚ ਮ੍ਰਿਤਕ ਹਾਲਤ ਵਿਚ ਪਿਆ ਸੀ।
ਥਾਣਾ ਰੰੰਗੜ ਨੰਗਲ ਦੇ ਐੱਸ. ਐੱਚ. ਓ. ਗਗਨਦੀਪ ਸਿੰਘ ਅਤੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਡੀ. ਐੱਸ. ਪੀ. ਸਿਟੀ ਸੰਜੀਵ ਕੁਮਾਰ ਨੇ ਦੱਸਿਆ ਕਿ ਬਲਬੀਰ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿਚ ਲੈਣ ਉਪਰੰਤ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਗਿਆ ਸੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਾਰ ਦੇ ਨੇੜਿਓਂ 5 ਗੋਲੀਆਂ ਦੇ ਖੋਲ ਵੀ ਪੁਲਸ ਵੱਲੋਂ ਬਰਾਮਦ ਕਰ ਲਏ ਗਏ ਹਨ ਅਤੇ ਡਾਗ ਸਕੁਐਡ ਦੀ ਟੀਮ ਸਮੇਤ ਫਰੈਂਸਿਕ ਟੀਮ ਵੀ ਮੌਕੇ ’ਤੇ ਪਹੁੰਚ ਗਈ ਹੈ।