ਫਿਰੌਤੀ ਮੰਗਣ ਵਾਲੇ ਗਿਰੋਹ ਦਾ ਪਰਦਾਫਾਸ਼, ਪੁਲਸ ਮੁਲਾਜ਼ਮ ਸਮੇਤ 2 ਗ੍ਰਿਫਤਾਰ

83 ਲੱਖ ਰੁਪਏ, 2 ਕਾਰਾਂ, ਨਾਜਾਇਜ਼ ਹਥਿਆਰ ਬਰਾਮਦ : ਐੱਸ. ਐੱਸ. ਪੀ. ਮੀਰ

ਬਟਾਲਾ ਪੁਲਸ ਨੇ ਵਪਾਰੀਆਂ ਤੋਂ ਫਿਰੌਤੀ ਮੰਗਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇਕ ਪੁਲਸ ਮੁਲਾਜ਼ਮ ਸਮੇਤ 2 ਵਿਅਕਤੀਆਂ ਨੂੰ 83 ਲੱਖ ਰੁਪਏ, ਇਕ ਪਿਸਤੌਲ 32 ਬੋਰ, 2 ਜ਼ਿੰਦਾ ਰੌਂਦ ਅਤੇ 2 ਕਾਰਾਂ ਸਮੇਤ ਗ੍ਰਿਫਤਾਰ ਕੀਤਾ ਹੈ।

ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਐੱਸ. ਪੀ. ਬਟਾਲਾ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ 14 ਫਰਵਰੀ ਨੂੰ ਐੱਸ. ਐੱਚ. ਓ. ਥਾਣਾ ਸਦਰ ਸੁਰਿੰਦਰਪਾਲ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਏ. ਐੱਸ. ਆਈ. ਸੁਰਜੀਤ ਸਿੰਘ, ਜੋ ਕਿ ਥਾਣਾ ਸਦਰ ਬਟਾਲਾ ਦੇ ਅਧੀਨ ਆਉਂਦੀ ਪੁਲਸ ਚੌਕ ਸ਼ੇਖੂਪੁਰ ’ਚ ਤਾਇਨਾਤ ਹੈ, ਜਿਸ ਨੇ ਕਾਫੀ ਪੈਸਾ ਇਕੱਠਾ ਕਰ ਕੇ ਆਪਣੇ ਘਰ ’ਚ ਰੱਖਿਆ ਹੋਇਆ ਹੈ। ਪੁਲਸ ਵੱਲੋਂ ਇਸ ਸਬੰਧੀ ਮੁਕੱਦਮਾ ਨੰਬਰ 14 ਧਾਰਾ 7, 13 (2) ਰਿਸ਼ਵਤ ਐਕਟ ਤਹਿਤ ਥਾਣਾ ਸਦਰ ’ਚ ਦਰਜ ਕੀਤਾ ਸੀ।

ਉਨ੍ਹਾਂ ਕਿਹਾ ਕਿ ਡੀ. ਐੱਸ. ਪੀ. ਫਤਿਹਗੜ੍ਹ ਚੂੜੀਆਂ ਵਿਪਨ ਕੁਮਾਰ ਵੱਲੋਂ ਇਸ ਮਾਮਲੇ ਦੀ ਜਾਂਚ ਕਰਦਿਆਂ ਏ. ਐੱਸ. ਆਈ. ਸੁਰਜੀਤ ਸਿੰਘ ਦੀ ਹਾਜ਼ਰੀ ’ਚ ਉਸਦੇ ਘਰ ਹਰਨਾਮ ਨਗਰ ਬਟਾਲਾ ਦੀ ਤਲਾਸ਼ੀ ਕਰ ਕੇ ਘਰ ’ਚੋਂ ਨੋਟਾਂ ਨਾਲ ਭਰਿਆ ਬੈਗ ਅਤੇ ਇਕ ਪਲਾਸਟਿਕ ਦੀ ਬੋਰੀ ਨੂੰ ਕਾਨੂੰਨੀ ਨਿਯਮਾਂ ਅਨੁਸਾਰ ਚੈੱਕ ਕੀਤੇ ਜਾਣ ’ਤੇ ਉਸ ’ਚੋਂ ਕੁੱਲ 76 ਲੱਖ 32 ਹਜ਼ਾਰ ਰੁਪਏ ਬਰਾਮਦ ਹੋਏ। ਪੁਲਸ ਨੇ ਉਕਤ ਏ. ਐੱਸ. ਆਈ. ਨੂੰ ਗ੍ਰਿਫਤਾਰ ਕਰ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਪੁਲ ਟੀਮ ਦਾ ਗਠਨ ਕੀਤਾ ਗਿਆ ਅਤੇ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਏ. ਐੱਸ. ਆਈ. ਸੁਰਜੀਤ ਸਿੰਘ ਨੂੰ ਵਿਦੇਸ਼ ਤੋਂ ਇਕ ਸ਼ਾਹ ਨਾਮ ਦੇ ਵਿਅਕਤੀ ਦੀ ਕਾਲ ਆਉਂਦੀ ਹੈ, ਜੋ ਉਸਨੂੰ ਪੈਸੇ ਭੇਜਦਾ ਹੈ ਅਤੇ ਆਸ ਪਾਸ ਦੇ ਇਲਾਕੇ ’ਚ ਰਹਿੰਦੇ ਵਪਾਰੀ ਵਰਗ ਦੇ ਲੋਕਾਂ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਦੇ ਕੇ ਇਹ ਪੈਸੇ ਇੱਕਠੇ ਕੀਤੇ ਜਾਂਦੇ ਹਨ ਅਤੇ ਬਾਅਦ ’ਚ ਫਿਰੌਤੀ ਦੀ ਰਕਮ ਉਸ ਤੱਕ ਪਹੁੰਚਦੀ ਹੈ।

ਉਨ੍ਹਾਂ ਕਿਹਾ ਕਿ ਏ. ਐੱਸ. ਆਈ. ਸੁਰਜੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸਨੇ ਹੁਣ ਤੱਕ 2 ਕਰੋੜ ਤੋਂ ਵੱਧ ਰਕਮ ਹਾਸਲ ਕੀਤੀ ਹੈ, ਜਿਸ ’ਚੋਂ ਉਸਨੇ ਇਕ ਫਾਰਚੂਨਰ ਗੱਡੀ, ਜਿਸਦੀ ਕੀਮਤ 53 ਲੱਖ ਰੁਪਏ, ਇਕ ਪਲਾਟ ਕਾਹਨੂੰਵਾਨ ਰੋਡ ਬਟਾਲਾ ’ਚ ਖਰੀਦਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਇਸ ਕੇਸ ਦੀ ਜਾਂਚ ਦੌਰਾਨ ਅੰਕੁਸ਼ ਮੈਨੀ ਪੁੱਤਰ ਵਿੱਕੀਪਾਲ ਮੈਨੀ ਵਾਸੀ ਬਾਬਾ ਕਾਰ ਕਾਲੋਨੀ ਕਲਾਨੌਰ ਨੂੰ ਨਾਮਜ਼ਦ ਕਰ ਕੇ ਉਸਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਕੋਲੋਂ ਇਕ ਪਿਸਤੌਲ 3 ਬੋਰ ਸਮੇਤ 2 ਜ਼ਿੰਦਾ ਰੌਂਦ ਅਤੇ 5 ਲੱਖ 91 ਹਜ਼ਾਰ 500 ਰੁਪਏ ਅਤੇ ਇਕ ਸਕਾਰਪਿਓ ਗੱਡੀ ਬਰਾਮਦ ਹੋਈ।

ਐੱਸ. ਐੱਸ. ਪੀ. ਬਟਾਲਾ ਨੇ ਦੱਸਿਆ ਕਿ ਅੰਕੁਸ਼ ਮੈਨੀ ਨੇ ਪੁਲਸ ਦੱਸਿਆ ਕਿ ਉਹ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਵਿਦੇਸ਼ ’ਚ ਬੈਠੇ ਜੱਸਲ ਲੰਡਾ ਗੈਂਗਸਟਰ ਦੇ ਕਹਿਣ ’ਤੇ ਫਿਰੌਤੀਆਂ ਦਾ ਧੰਦਾ ਕਰਦਾ ਹੈ ਅਤੇ ਮਿਤੀ 4 ਫਰਵਰੀ ਨੂੰ ਵਿਦੇਸ਼ ’ਚ ਬੈਠੇ ਜੱਸਲ ਲੰਡਾ ਵੱਲੋਂ ਕਲਾਨੌਰ ਪੈਟਰੋਲ ਪੰਪ ’ਤੇ ਉਸਦੇ ਕੋਲੋਂ ਫਾਇਰ ਕਰਵਾ ਕੇ ਇਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ, ਜਿਸ ’ਚੋਂ ਉਸਨੂੰ 50 ਲੱਖ ਰੁਪਏ ਮਿਲੇ ਸੀ, ਜੋ ਉਸਨੇ ਏ. ਐੱਸ. ਆਈ. ਸੁਰਜੀਤ ਸਿੰਘ ਤੱਕ ਪਹੁੰਚਾ ਦਿੱਤੇ ਸਨ।

ਉਨ੍ਹਾਂ ਕਿਹਾ ਕਿ ਪੁਲਸ ਨੇ ਉਕਤ ਦੋਵਾਂ ਵਿਅਕਤੀਆਂ ਕੋਲੋਂ ਕੁੱਲ 83 ਲੱਖ ਰੁਪਏ, ਇਕ ਪਿਸਤੌਲ 32 ਬੋਰ, 2 ਜ਼ਿੰਦਾ ਰੌਂਦ, 2 ਗੱਡੀਆਂ ਬਰਾਮਦ ਕਰ ਕੇ ਕੇਸ ਦਰਜ ਕਰ ਦਿੱਤਾ ਹੈ। ਇਸ ਕੇਸ ’ਚ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਉੱਥੇ ਇਸ ਮਾਮਲੇ ਦੀ ਗੰਭੀਰਤਾ ਨੂੰ ਮੁੱਖ ਰੱਖਦੇ ਹੋਏ ਏ. ਐੱਸ. ਆਈ. ਸੁਰਜੀਤ ਸਿੰਘ ਨੂੰ ਪੰਜਾਬ ਪੁਲਸ ਵਿਭਾਗ ’ਚੋਂ ਡਿਸਮਿਸ ਕਰ ਦਿੱਤਾ ਗਿਆ ਹੈ।

ਇਸ ਮੌਕੇ ਐੱਸ. ਪੀ. ਡੀ. ਗੁਰਪ੍ਰਤਾਪ ਸਿੰਘ ਸਹੋਤਾ, ਡੀ. ਐੱਸ. ਪੀ. ਵਿਪਨ ਕੁਮਾਰ, ਇੰਸ. ਸੁਖਰਾਜ ਸਿੰਘ, ਐੱਸ. ਐੱਚ. ਓ. ਸੁਰਿੰਦਰਪਾਲ ਸਿੰਘ ਅਤੇ ਇੰਸ. ਅਨਿਲ ਪਵਾਰ ਹਾਜ਼ਰ ਸਨ।

Leave a Reply

Your email address will not be published. Required fields are marked *