ਬਿਆਸ ਦਰਿਆ ਦੇ ਪੁਲ ਤੋਂ ਮਿਲੀਆਂ ਚੱਪਲਾਂ
ਗੁਰਦਾਸਪੁਰ :- ਜ਼ਿਲਾ ਗੁਰਦਾਸਪੁਰ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਸਾਹਿਬ ਦਾ ਰਹਿਣ ਵਾਲਾ ਨੌਜਵਾਨ ਅਕਸ਼ੈ ਕੁਮਾਰ (21) ਘਰੋਂ ਲਾਪਤਾ ਹੋ ਗਿਆ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਉਸ ਨੇ ਮੋਬਾਈਲ ’ਤੇ ਪੱਬਜੀ ਗੇਮ ਖੇਡਣੀ ਸ਼ੁਰੂ ਕੀਤੀ ਸੀ ਅਤੇ ਉਸ ਤੋਂ ਬਾਅਦ ਉਹ ਪ੍ਰੇਸ਼ਾਨ ਰਹਿਣ ਲੱਗਿਆ। ਉਕਤ ਨੌਜਵਾਨ ਸ਼ਨੀਵਾਰ ਦੁਪਹਿਰ ਬਾਅਦ ਇਕ ਵੀਡੀਓ ਬਣਾ ਕੇ ਸਾਰਿਆਂ ਨੂੰ ਆਖਰੀ ਵਾਰ ਬਾਏ-ਬਾਏ ਕਹਿ ਕੇ ਲਾਪਤਾ ਹੋ ਗਿਆ। ਉਸ ਦੀਆਂ ਚੱਪਲਾਂ ਬਿਆਸ ਦਰਿਆ ਦੇ ਪੁਲ ਤੋਂ ਮਿਲੀਆਂ ਹਨ ਪਰ ਉਸ ਦਾ ਕੋਈ ਪਤਾ ਨਹੀਂ ਹੈ।
ਇਸ ਸਬੰਧੀ ਅਕਸ਼ੈ ਦੇ ਪਿਤਾ ਗੁਰਨਾਮ ਸਿੰਘ ਨੇ ਦੱਸਿਆ ਕਿ ਉਸ ਦੇ ਇਕਲੌਤੇ ਪੁੱਤਰ ਅਕਸ਼ੈ ਕੁਮਾਰ ਨੇ ਜਦੋਂ ਤੋਂ ਪੱਬਜੀ ਗੇਮ ਖੇਡਣੀ ਸ਼ੁਰੂ ਕੀਤੀ ਸੀ, ਉਸ ਦੇ ਬਾਅਦ ਤੋਂ ਹੀ ਉਹ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗਾ। ਉਸ ਦੀ ਦਵਾਈ ਚੱਲ ਰਹੀ ਸੀ। ਅਕਸ਼ੈ ਕੁਮਾਰ ਨੇ ਵੀਡੀਓ ਕਾਲ ਕਰ ਕੇ ਆਪਣੀ ਭੈਣ ਅਤੇ ਮਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਬਿਆਸ ਦਰਿਆ ਦੇ ਪੁਲ ’ਤੇ ਪਹੁੰਚ ਗਿਆ ਅਤੇ ਦਰਿਆ ਵਿਚ ਛਾਲ ਮਾਰਨ ਲੱਗਾ ਹਾਂ। ਉਸ ਤੋਂ ਬਾਅਦ ਉਸ ਦਾ ਫੋਨ ਬੰਦ ਹੋ ਗਿਆ।
ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਬਿਆਸ ਦਰਿਆ ਦੇ ਪੁਲ ’ਤੇ ਪਹੁੰਚੇ ਤਾਂ ਸਾਨੂੰ ਅਕਸ਼ੈ ਦੀਆਂ ਚੱਪਲਾਂ ਮਿਲੀਆਂ। ਆਸ-ਪਾਸ ਅਤੇ ਰਿਸ਼ਤੇਦਾਰੀ ’ਚ ਕਾਫੀ ਭਾਲ ਕੀਤੀ ਪਰ ਕੋਈ ਵੀ ਸੁਰਾਗ ਨਹੀਂ ਮਿਲਿਆ। ਅਖੀਰ ਅਸੀਂ ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾ ਦਿੱਤੀ।