ਪੰਜਾਬ ਵਿਚ ਮੌਸਮ ਨੇ ਬਦਲਿਆ ਮਿਜਾਜ਼

ਜਲੰਧਰ ਅਤੇ ਅੰਮ੍ਰਿਤਸਰ ’ਚ ਗੜ੍ਹੇਮਾਰੀ, ਕਈ ਥਾਂਵਾਂ ’ਤੇ ਭਾਰੀ ਮੀਂਹ

ਪੰਜਾਬ ਵਿਚ ਬਦਲਦੇ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਦੀ ਭਵਿੱਖਬਾਣੀ ਤਹਿਤ ਵੀਰਵਾਰ ਕਈ ਥਾਂਵਾਂ ’ਤੇ ਮੀਂਹ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਸੂਬੇ ਭਰ ਵਿਚ ਠੰਢੀਆਂ ਤੇ ਤੇਜ਼ ਹਵਾਵਾਂ ਜਾਰੀ ਹਨ। ਭਾਰੀ ਮੀਂਹ ਦੇ ਨਾਲ ਕਈ ਜ਼ਿਲ੍ਹਿਆਂ ’ਚ ਗੜ੍ਹੇਮਾਰੀ ਵੀ ਵੇਖਣ ਨੂੰ ਆਈ ਹੈ।
ਦੱਸ ਦਈਏ ਕਿ ਬੀਤੇ ਦਿਨੀਂ ਮੌਸਮ ਵਿਭਾਗ ਵੱਲੋਂ ਪੰਜਾਬ ਵਿਚ ਦੋ ਦਿਨ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਸੀ, ਜਿਸ ਦਾ ਅਸਰ ਸੂਬੇ ਭਰ ਵਿਚ ਬੀਤੇ ਦਿਨ ਤੋਂ ਚਲਦੀਆਂ ਠੰਢੀਆਂ ਹਵਾਂਵਾਂ ਤੋਂ ਵਿਖਾਈ ਦੇਣਾ ਸ਼ੁਰੂ ਹੋ ਗਿਆ ਸੀ। ਇਸ ਤੋਂ ਇਲਾਵਾ ਮੋਗਾ ਸਮੇਤ ਕੁੱਝ ਥਾਂਵਾਂ ’ਤੇ ਹਲਕਾ ਮੀਂਹ ਵੀ ਪਿਆ ਸੀ। ਪਰ ਲੰਘੀ ਸ਼ਾਮ ਤੋਂ ਪੰਜਾਬ ਵਿਚ ਤੇਜ਼ੀ ਨਾਲ ਮੌਸਮ ਬਦਲਿਆ।
ਮੋਹਾਲੀ ਸਮੇਤ ਅੰਮ੍ਰਿਤਸਰ ਅਤੇ ਜਲੰਧਰ ਤੋਂ ਇਲਾਵਾ ਕਈ ਜ਼ਿਲ੍ਹਿਆਂ ਵਿਚ ਮੀਂਹ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਅੰਮ੍ਰਿਤਸਰ ਅਤੇ ਜਲੰਧਰ ਵਿਚ ਮੀਂਹ ਨਾਲ ਗੜ੍ਹੇਮਾਰੀ ਵੀ ਹੋਈ। ਸੰਗਰੂਰ ਦੇ ਭਵਾਨੀਗੜ੍ਹ ਅਤੇ ਮਾਨਸਾ ਵਿਚ ਵੀ ਇੱਕਾ-ਦੁੱਕਾ ਥਾਂਵਾਂ ’ਤੇ ਗੜ੍ਹੇਮਾਰੀ ਹੋਈ ਹੈ।
ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਲੰਘੀ ਰਾਤ ਰਾਜਧਾਨੀ ਚੰਡੀਗੜ੍ਹ ਵਿਚ 2.5 ਮਿਲੀਮੀਟਰ, ਅੰਮ੍ਰਿਤਸਰ ਤੇ ਲੁਧਿਆਣਾ ਵਿਚ 6 ਐੱਮ. ਐੱਮ., ਪਟਿਆਲਾ 9 ਐੱਮ. ਐੱਮ., ਪਠਾਨਕੋਟ ਅਤੇ ਬਠਿੰਡਾ ਵਿਚ 4.2 ਐੱਮ. ਐੱਮ., ਫਰੀਦਕੋਟ ਵਿਚ 11 ਐੱਮ. ਐੱਮ., ਗੁਰਦਾਸਪੁਰ ਵਿਚ 5 ਐੱਮ. ਐੱਮ., ਨਵਾਂ ਸ਼ਹਿਰ 5.3 ਐੱਮ. ਐੱਮ., ਫਤਿਹਗੜ੍ਹ ਸਾਹਿਬ ਵਿਚ 4 ਐੱਮ. ਐੱਮ., ਹੁਸ਼ਿਆਰਪੁਰ 11.5 ਐੱਮ. ਐੱਮ., ਮੋਗਾ 7.5 ਐੱਮ. ਐੱਮ., ਫਾਜ਼ਿਲਕਾ ਇਕ ਐੱਮ. ਐੱਮ. ਅਤੇ ਰੋਪੜ ਵਿਚ 2.5 ਐੱਮ. ਐੱਮ. ਮੀਂਹ ਪਿਆ ਹੈ।

Leave a Reply

Your email address will not be published. Required fields are marked *