ਅੰਮ੍ਰਿਤਸਰ -: ਪੰਜਾਬ ‘ਚ ਪਿਛਲੇ ਕਈ ਮਹੀਨਿਆਂ ਤੋਂ ਪੁਲਸ ਥਾਣੇ ਲਗਾਤਾਰ ਨਿਸ਼ਾਨੇ ‘ਤੇ ਬਣੇ ਹੋਏ ਹਨ। ਇਸ ਦੌਰਾਨ ਕਈ ਥਾਣਿਆਂ ‘ਚ ਧਮਾਕੇ ਵੀ ਹੋ ਚੁੱਕੇ ਹਨ। ਅਜਿਹੀ ਹੀ ਇਕ ਘਟਨਾ ਅੱਜ ਜ਼ਿਲ੍ਹਾ ਅੰਮ੍ਰਿਤਸਰ ਅਧੀਨ ਪੈਂਦੇ ਫਤਿਹਗੜ੍ਹ ਚੂੜੀਆਂ ਬਾਈਪਾਸ ਸਥਿਤ ਪੁਲਸ ਚੌਂਕੀ ‘ਤੇ ਗ੍ਰਨੇਡ ਹਮਲਾ ਹੋਇਆ ਹੈ।

ਜਾਣਕਾਰੀ ਮੁਤਾਬਕ ਪੁਲਸ ਉਪਰੋਂ ਕਿਸੇ ਨੇ ਥਾਣੇ ਦੇ ਬਾਹਰ ਹੈਂਡ ਗ੍ਰਨੇਡ ਸੁੱਟਿਆ ਹੈ, ਜਿਸ ਕਾਰਨ ਇਲਾਕੇ ‘ਚ ਵੱਡਾ ਧਮਾਕਾ ਹੋਇਆ ਹੈ। ਹਾਲਾਂਕਿ ਧਮਾਕੇ ਮਗਰੋਂ ਪੁਲਸ ਟੀਮ ਹਮਲਾਵਰਾਂ ਦੇ ਪਿੱਛੇ ਗਈ, ਪਰ ਉਨ੍ਹਾਂ ਨੂੰ ਕਾਬੂ ਨਾ ਕਰ ਸਕੀ। ਹਾਲਾਂਕਿ ਗਨਿਮਤ ਰਹੀ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ।
ਇਸ ਮਗਰੋਂ ਇਹ ਵੀ ਜਾਣਕਾਰੀ ਮਿਲੀ ਸੀ ਕਿ ਪੁਲਸ ਨੇ ਧਮਾਕੇ ਮਗਰੋਂ ਥਾਣੇ ਨੂੰ ਤਾਲਾ ਲਗਾ ਦਿੱਤਾ ਹੈ।
ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਚੌਂਕੀ ਇੱਥੋਂ ਸ਼ਿਫਟ ਹੋ ਚੁੱਕੀ ਹੈ, ਜਿਸ ਕਾਰਨ ਇਸ ਪੁਰਾਣੀ ਚੌਂਕੀ ਨੂੰ ਤਾਲਾ ਲਗਾਇਆ ਗਿਆ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਧਮਾਕੇ ਦੀ ਜਾਣਕਾਰੀ ਮਿਲਣ ਮਗਰੋਂ ਉਨ੍ਹਾਂ ਜਦੋਂ ਆ ਕੇ ਦੇਖਿਆ ਤਾਂ ਇਸ ਦੇ ਨਿਸ਼ਾਨ ਸਿਰਫ਼ ਸੜਕ ‘ਤੇ ਹੀ ਦਿਖੇ, ਜਦਕਿ ਜੇਕਰ ਗ੍ਰਨੇਡ ਹਮਲਾ ਹੋਇਆ ਹੁੰਦਾ ਤਾਂ ਉਸ ਨਾਲ ਜ਼ਿਆਦਾ ਨੁਕਸਾਨ ਹੋਣਾ ਸੀ। ਹਾਲਾਂਕਿ ਮਾਮਲੇ ਦਾ ਸੱਚ ਕੀ ਹੈ, ਇਹ ਤਾਂ ਹੁਣ ਤਫਤੀਸ਼ ਤੋਂ ਬਾਅਦ ਹੀ ਸਾਹਮਣੇ ਆਵੇਗਾ।
