ਪੰਜਾਬ ਵਿਚ ਇਕ ਹੋਰ ਧਮਾਕਾ!

ਪਿੰਡ ਬਖਸ਼ੀਵਾਲ ’ਚ ਬੰਦ ਪਈ ਪੁਲਿਸ ਚੌਕੀ ’ਤੇ ਸੁੱਟਿਆ ਗ੍ਰਨੇਡ

ਗੁਰਦਾਸਪੁਰ, 19 ਦਸੰਬਰ -ਪੰਜਾਬ ’ਚ ਪਿਛਲੇ ਕੁਝ ਸਮੇਂ ਤੋਂ ਪੁਲਸ ਥਾਣਿਆਂ ਅਤੇ ਚੌਕੀਆਂ ’ਤੇ ਲਗਾਤਾਰ ਗ੍ਰਨੇਡ ਹਮਲੇ ਹੋ ਰਹੇ ਹਨ। ਇਸੇ ਤਰ੍ਹਾਂ ਬੀਤੀ ਰਾਤ ਜ਼ਿਲਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਦੇ ਅਧੀਨ ਆਉਂਦੇ ਪਿੰਡ ਬਖਸ਼ੀਵਾਲ ’ਚ  ਕੁਝ ਵਿਅਕਤੀਆਂ ਵੱਲੋਂ ਬੰਦ ਪਈ ਪੁਲਸ ਚੌਕੀ ’ਚ ਗ੍ਰਨੇਡ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਕਿ ਪੁਲਸ ਪ੍ਰਸ਼ਾਸਨ ਵਲੋਂ ਇਸ ਸਬੰਧੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਪਰ ਦੂਜੇ ਪਾਸੇ ਇਸ ਹਮਲੇ ਦੀ ਜ਼ਿੰਮੇਵਾਰੀ ਖਾਲਿਸਤਾਨ ਜ਼ਿੰਦਾਬਾਦ ਫੋਰਸ ਵੱਲੋਂ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਲਈ ਗਈ ਹੈ। 

ਜਾਣਕਾਰੀ ਅਨੁਸਾਰ ਥਾਣਾ ਕਲਾਨੌਰ ਦੇ ਅਧੀਨ ਆਉਂਦੀ ਪੁਲਸ ਚੌਕੀ ਬਖਸ਼ੀਵਾਲ, ਜੋ ਕਿ ਪਿਛਲੇ ਕੁਝ ਸਮੇਂ ਤੋਂ ਬੰਦ ਪਈ ਸੀ, ਉਸ ’ਤੇ ਬੀਤੀ ਰਾਤ ਕੁਝ ਵਿਅਕਤੀਆਂ ਵੱਲੋਂ ਗ੍ਰਨੇਡ ਸੁੱਟਿਆ ਗਿਆ ਸੀ। ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਪੁਲਸ ਟੀਮ, ਬੰਬ ਨਿਰੋਧਕ ਦਸਤਾ, ਫੋਰੈਂਸਿਕ ਲੈਬ ਦੀ ਟੀਮ ਅਤੇ ਡਾਗ ਸਕੁਐਡ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅਜੇ ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ’ਚ ਗ੍ਰਨੇਡ ਹਮਲਾ ਹੋਇਆ ਸੀ ਅਤੇ 12 ਦਸੰਬਰ ਦੀ ਰਾਤ ਨੂੰ ਪੁਲਸ ਜ਼ਿਲਾ ਬਟਾਲਾ ਦੇ ਅਧੀਨ ਆਉਂਦੇ ਥਾਣਾ ਘਣੀਏ-ਕੇ-ਬਾਂਗਰ ’ਚ ਵੀ ਮੋਟਰਸਾਈਕਲ ਸਵਾਰ 2 ਨੌਜਵਾਨਾਂ ਵੱਲੋਂ ਗ੍ਰਨੇਡ ਹਮਲਾ ਕੀਤਾ ਗਿਆ ਸੀ।

ਇਸ ਸਬੰਧੀ ਡੀ. ਐੱਸ. ਪੀ. ਗੁਰਵਿੰਦਰ ਸਿੰਘ ਨੇ ਕਿਹਾ ਕਿ ਜੋ ਸੋਸ਼ਲ ਮੀਡੀਆ ’ਤੇ ਪੋਸਟ ਵਾਇਰਲ ਹੋ ਰਹੀ ਸੀ, ਉਸਦੇ ਮੁਤਾਬਕ ਹੀ ਉਨ੍ਹਾਂ ਵੱਲੋਂ ਐੱਸ. ਐੱਚ. ਓ. ਕਲਾਨੌਰ ਨੂੰ ਨਾਲ ਲੈ ਕੇ ਮੌਕੇ ਦੀ ਜਾਂਚ ਕੀਤੀ ਗਈ ਅਤੇ ਫੋਰੈਂਸਿਕ ਦੀਆਂ ਟੀਮਾਂ ਵੱਲੋਂ ਵੀ ਮੌਕੇ ’ਤੇ ਜਾ ਕੇ ਜਾਂਚ ਪੜਤਾਲ ਕੀਤੀ ਗਈ ਪਰ ਕੋਈ ਵੀ ਬੰਬਨੁਮਾ ਚੀਜ਼ ਹੋਣ ਦੀ ਗੱਲ ਸਾਹਮਣੇ ਨਹੀਂ ਆਈ। ਉਨ੍ਹਾਂ ਕਿਹਾ ਕਿ ਬੇਸ਼ੱਕ ਇਸਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ’ਤੇ ਇਕ ਖਾਲਿਸਤਾਨੀ ਗੁੱਟ ਵੱਲੋਂ ਚੁੱਕੀ ਜਾ ਰਹੀ ਪਰ ਬਖਸ਼ੀਵਾਲ ਚੌਕੀ ਦੇ ਕੋਲ ਕੋਈ ਬੰਬ ਬਲਾਸਟ ਨਹੀਂ ਹੋਇਆ ਹੈ। 

 ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ  ਖਾਲਿਸਤਾਨ ਜ਼ਿੰਦਾਬਾਦ ਫੋਰਸ ਨੇ ਲਈ ਜ਼ਿੰਮੇਵਾਰੀ

ਦੂਜੇ ਪਾਸੇ ਸੋਸ਼ਲ ਮੀਡੀਆ ’ਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਫਤਿਹ ਸਿੰਘ ਬਾਗੀ ਵੱਲੋਂ ਪਾਈ ਗਈ ਪੋਸਟ ’ਚ ਉਨ੍ਹਾਂ ਲਿਖਿਆ  ਕਿ 18 ਦਸੰਬਰ ਦੀ ਰਾਤ ਥਾਣਾ ਕਲਾਨੌਰ ਦੀ ਪੁਲਸ ਚੌਕੀ ਬਖਸ਼ੀਵਾਲ ’ਤੇ ਹੈੱਡ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਖਾਲਿਸਤਾਨ ਜ਼ਿੰਦਾਬਾਦ ਫੋਰਸ ਵਲੋਂ ਲਈ ਜਾਂਦੀ ਹੈ। ਉਨ੍ਹਾਂ ਲਿਖਿਆ ਕਿ ਜਥੇਦਾਰ ਭਾਈ ਰਣਜੀਤ ਸਿੰਘ ਜੰਮੂ ਦੀ ਅਗਵਾਈ ਅਤੇ ਭਾਈ ਜਸਵਿੰਦਰ ਸਿੰਘ ਬਾਗੀ ਉਰਫ ਮਨੂੰ ਅਗਵਾਨ ਦੀ ਦੇਖ ਰੇਖ ’ਚ ਇਸ ਸਫਲ ਐਕਸ਼ਨ ਨੂੰ ਅੰਜਾਮ ਦਿੱਤਾ ਗਿਆ ਹੈ।

ਪੰਜਾਬ ਦੀ ਨੌਜਵਾਨੀ ਦਾ ਸ਼ਿਕਾਰ ਖੇਡਣ ਵਾਲੇ ਪੁਲਸ ਅਧਿਕਾਰੀ ਅਤੇ ਯੂ. ਪੀ. ਬਿਹਾਰ ਤੋਂ ਭਰਤੀ ਕੀਤੇ ਲੋਕ, ਜੋ ਸਿੱਖਾਂ ਅਤੇ ਸਿੱਖ ਜੁਝਾਰੂਆਂ ਬਾਰੇ ’ਚ ਉਲ ਜਲੂਲ ਬੋਲ ਰਹੇ ਹਨ, ਉਸਦਾ ਜਵਾਬ ਮਿਲਦਾ ਰਹੇਗਾ। 

ਗ੍ਰਨੇਡ ਹਮਲੇ ਸਬੰਧੀ ਐੱਸ. ਐੱਸ. ਪੀ. ਗੁਰਦਾਸਪੁਰ ਦਾ ਪ੍ਰਤੀਕਰਮ

ਪੁਲਸ ਚੌਕੀ ’ਤੇ ਹੋਏ ਕਥਿਤ ਗ੍ਰਨੇਡ ਹਮਲੇ ਦੇ ਸਬੰਧ ’ਚ ਗੁਰਦਾਸਪੁਰ ਦੇ ਐੱਸ. ਐੱਸ. ਪੀ. ਹਰੀਸ਼ ਦਾਯਮਾ ਨੇ ਕਿਹਾ ਕਿ ਇਸ ਮਾਮਲੇ ’ਚ ਅਜੇ  ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਪੁਲਸ ਚੌਕੀ ਅੰਦਰ ਕਿਤੇ ਵੀ ਗ੍ਰਨੇਡ ਦੇ ਧਮਾਕੇ ਦੀ ਕੋਈ ਪੁਸ਼ਟੀ ਨਹੀਂ ਹੋ ਰਹੀ।

ਉਨ੍ਹਾਂ ਕਿਹਾ ਕਿ ਬੀਤੀ ਰਾਤ ਉੱਥੇ ਖੜ੍ਹੇ ਇਕ ਟੈਂਪੂ ਨੂੰ ਅੱਗ ਲੱਗਣ ਦਾ ਮਾਮਲਾ ਜ਼ਰੂਰ ਸਾਹਮਣੇ ਆਇਆ ਸੀ ਅਤੇ ਫੋਰੈਂਸਿੰਕ ਟੀਮਾਂ ਇਸ ਗੱਲ ਦੀ ਜਾਂਚ ਕਰ ਰਹੀਆਂ ਹਨ ਕਿ ਉਕਤ ਟੈਂਪੂ ’ਚ, ਜੋ ਅੱਗ ਲੱਗੀ ਸੀ, ਉਸਦੇ ਕੀ ਕਾਰਨ ਸਨ। ਅਜੇ ਤੱਕ ਇਹ ਪਤਾ ਨਹੀਂ ਲੱਗ ਰਿਹਾ ਕਿ ਇਥੇ ਕਿਸੇ ਗ੍ਰਨੇਡ ਦਾ ਬਲਾਸਟ ਹੋਇਆ ਹੋਵੇ ਪਰ ਇਹ ਜ਼ਰੂਰ ਮੰਨਿਆ ਜਾ ਸਕਦਾ ਹੈ ਕਿ ਕਿਸੇ ਨੇ ਪੈਟਰੋਲ ਬੰਬ ਵਰਗੀ ਕੋਈ ਚੀਜ਼ ਟੈਂਪੂ ’ਤੇ ਸੁੱਟ ਕੇ ਉਸ ਨੂੰ ਅੱਗ ਲਗਾਈ ਹੋਵੇ। ਇਹ ਸਾਰੇ ਮਾਮਲੇ ਅਜੇ ਜਾਂਚ ਦਾ ਵਿਸ਼ਾ ਹਨ ਅਤੇ ਪੁਲਸ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਫੋਰੈਂਸਿਕ ਟੀਮਾਂ ਦੀ ਰਿਪੋਰਟ ਆਉਣ ਦੇ ਬਾਅਦ ਹੀ ਕਿਸੇ ਤੱਥ ਤੱਕ ਪਹੁੰਚ ਸਕਣਗੇ।

ਦੂਜੇ ਪਾਸੇ ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਕਰੀਬ 15 ਦਿਨ ਪਹਿਲਾਂ ਹੀ ਇਸ ਚੌਕੀ ’ਚੋਂ ਸਾਰੀ ਫੋਰਸ ਥਾਣੇ ’ਚ ਸ਼ਿਫਟ ਕਰ ਦਿੱਤੀ ਗਈ ਸੀ ਅਤੇ ਇਹ ਚੌਕੀ ਖਾਲੀ ਪਈ ਹੋਈ ਸੀ ਅਤੇ ਆਸ ਪਾਸ ਦੇ ਲੋਕਾਂ ਨੇ ਵੀ ਉੱਥੇ ਧਮਾਕੇ ਦੀ ਕੋਈ ਆਵਾਜ਼ ਨਹੀਂ ਸੁਣੀ ਪਰ ਜੋ ਅੱਗ ਰਾਤ ਸਮੇਂ ਲੱਗੀ ਸੀ, ਉਸ ਬਾਰੇ ਵੀ ਕੁਝ ਲੋਕ ਇਹ ਕਹਿ ਰਹੇ ਹਨ ਕਿ ਉੱਥੇ ਮੰਡੀ ’ਚ ਮੌਜੂਦ ਲੇਬਰ ਕਈ ਵਾਰ ਰਾਤ ਸਮੇਂ ਠੰਢ ਤੋਂ ਬਚਣ ਲਈ ਖੁਦ ਅੱਗ ਲਗਾ ਸੇਕਦੇ ਹਨ, ਜਿਸ ਕਾਰਨ ਇਥੇ ਅੱਗ ਲੱਗੀ ਹੋ ਸਕਦੀ ਹੈ।

ਉਨ੍ਹਾਂ ਕਿਹਾ ਕਿ ਵਿਸਫੋਟ ਦੀ ਜ਼ਿੰਮੇਵਾਰੀ ਲੈਣ ਵਾਲਾ ਵਿਅਕਤੀ ਖੁਦ ਹੀ ਬੇਤੁਕੇ ਦਾਅਵੇ ਕਰ ਰਿਹਾ ਹੈ, ਜੋ ਸੱਚਾਈ ਦੇ ਬਿਲਕੁਲ ਵੀ ਨੇੜੇ ਨਹੀਂ ਹਨ। ਉਨ੍ਹਾਂ ਕਿਹਾ ਕਿ ਪੂਰੀ ਜਾਂਚ ਤੋਂ ਬਾਅਦ ਪੁਲਸ ਵੱਲੋਂ ਸਬੰਧਤ ਧਰਾਵਾਂ ਅਧੀਨ ਪਰਚਾ ਦਰਜ ਕੀਤਾ ਜਾਵੇਗਾ।

Leave a Reply

Your email address will not be published. Required fields are marked *