ਪੰਜਾਬ ਵਾਸੀ ਐੱਚ. ਐੱਮ. ਪੀ. ਵੀ. ਤੋਂ ਕਿਸੇ ਵੀ ਤਰ੍ਹਾਂ ਨਾ ਘਬਰਾਉਣ : ਸਿਹਤ ਮੰਤਰੀ

– ਡਾ. ਬਲਬੀਰ ਸਿੰਘ ਵੱਲੋਂ ਰਾਜਿੰਦਰਾ ਹਸਪਤਾਲ ਦਾ ਨਿਰੀਖਣ

ਐਮਰਜੈਂਸੀ ਸੇਵਾ ਲਈ 50 ਬੈੱਡਾਂ ਅਤੇ 20 ਵੈਂਟੀਲੇਟਰਾਂ ਦੀ ਸਹੂਲਤ ਉਪਲੱਬਧ

ਪਟਿਆਲਾ – ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਵੇਂ ਉਭਰੇ ਹਿਊਮਨ ਮੈਟਾਨਿਉਮੋਵਾਇਰਸ (ਐੱਚ. ਐੱਮ. ਪੀ. ਵੀ.) ਤੋਂ ਕਿਸੇ ਵੀ ਤਰ੍ਹਾਂ ਨਾ ਘਬਰਾਉਣ। ਸਿਹਤ ਮੰਤਰੀ ਨੇ ਅੱਜ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਇਹ ਵਾਇਰਸ ਤੋਂ ਸੰਭਾਵਿਤ ਪ੍ਰਭਾਵਿਤ ਵਿਅਕਤੀਆਂ ਦੇ ਇਲਾਜ ਲਈ ਕੀਤੀਆਂ ਤਿਆਰੀਆਂ ਦਾ ਜਾਇਜ਼ਾ ਲਿਆ।

ਉਨ੍ਹਾਂ ਦੱਸਿਆ ਕਿ ਇਸ ਵਾਇਰਸ ਦੀ ਟੈਸਟਿੰਗ ਸਹੂਲਤ ਰਾਜਿੰਦਰਾ ਹਸਪਤਾਲ ਸਮੇਤ ਪੂਰੇ ਪੰਜਾਬ ’ਚ ਉਪਲਬੱਧ ਹੈ। ਇਥੇ ਲਾਈਫ ਸਪੋਰਟ ਐਮਰਜੈਂਸੀ ਸਵਾਈਨ ਫਲੂ ਵਾਰਡ ’ਚ 20 ਬੈੱਡ ਅਤੇ 5 ਨੰਬਰ ਵਾਰਡ ’ਚ 30 ਬੈੱਡਾਂ ਸਮੇਤ 20 ਵੈਂਟੀਲੇਟਰ ਤਿਆਰ ਹਨ। ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਸਪੱਸ਼ਟ ਕੀਤਾ ਕਿ ਐੱਚ. ਐੱਮ. ਪੀ. ਵਾਇਰਸ ਕੋਰੋਨਾ ਵਰਗਾ ਵਾਇਰਸ ਨਹੀਂ ਹੈ। ਇਸ ਲਈ ਇਸ ਤੋਂ ਕਿਸੇ ਵੀ ਤਰ੍ਹਾਂ ਦੀ ਘਬਰਾਹਟ ’ਚ ਆਉਣ ਦੀ ਲੋਡ਼ ਨਹੀਂ ਹੈ, ਸਗੋਂ ਇਹ ਇਕ ਆਮ ਜੁਕਾਮ ਵਰਗਾ ਫਲੂ ਵਰਗਾ ਵਾਇਰਸ ਹੈ।

ਉਨ੍ਹਾਂ ਕਿਹਾ ਕਿ ਇਹ ਮਾਮੂਲੀ ਜਿਹਾ ਬੁਖ਼ਾਰ ਅਤੇ ਖਾਂਸੀ ਜੁਕਾਮ ਕਰਦਾ ਹੈ, ਜੋ ਕਿ ਇਕ ਹਫ਼ਤੇ ’ਚ ਆਪਣੇ ਆਪ ਹੀ ਠੀਕ ਹੋ ਜਾਂਦਾ ਹੈ। ਇਸ ’ਚ ਕੋਈ ਖ਼ਤਰਾ ਨਹੀਂ ਹੈ। ਇਸ ਦੇ ਬਾਵਜੂਦ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਸ ਵਾਇਰਸ ਦੇ ਇਲਾਜ ਲਈ ਸਾਰੇ ਪੰਜਾਬ ’ਚ ਤਿਆਰੀਆਂ ਕੀਤੀਆਂ ਹੋਈਆਂ ਹਨ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ’ਚ ਇਸ ਵਾਇਰਸ ਦਾ ਕੋਈ ਕੇਸ ਨਹੀਂ ਆਇਆ। ਦੱਖਣੀ ਭਾਰਤ ’ਚ ਕੋਈ ਕੇਸ ਆਇਆ ਹੈ। ਇਸ ਦੇ ਬਾਵਜੂਦ ਭਾਰਤ ਸਰਕਾਰ, ਕੇਂਦਰੀ ਸਿਹਤ ਮੰਤਰਾਲੇ ਤੇ ਵਿਸ਼ਵ ਸਿਹਤ ਸੰਸਥਾ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰਲੋਜੀ ਨਾਲ ਰਾਬਤਾ ਕੀਤਾ ਗਿਆ ਹੈ। ਸੂਬੇ ਦੇ ਸਾਰੇ ਸਿਵਲ ਸਰਜਨਾਂ ਨਾਲ ਵੀਡੀਓ ਕਾਨਫਰੰਸਿੰਗ ਕਰ ਕੇ ਲੋਡ਼ੀਂਦੇ ਦਿਸ਼ਾ-ਨਿਰਦੇਸ਼ ਦੇ ਦਿੱਤੇ ਗਏ ਹਨ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ। ਉਹ ਖ਼ੁਦ ਸਵੇਰੇ-ਸ਼ਾਮ ਸਿਹਤ ਅਧਿਕਾਰੀਆਂ ਨਾਲ ਰਾਬਤਾ ਬਣਾ ਰਹੇ ਹਨ। ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਤਰ੍ਹਾਂ ਦੇ ਵਹਿਮ-ਭਰਮ ’ਚ ਨਾ ਪੈਣ, ਨਾ ਹੀ ਕਿਸੇ ਅਫ਼ਵਾਹ ’ਤੇ ਯਕੀਨ ਕਰਨ ਅਤੇ ਨਾ ਹੀ ਭਰਮ-ਭੁਲੇਖੇ ਅੱਗੇ ਫੈਲਾਉਣ ਪਰ ਇਹਤਿਹਾਤ ਜ਼ਰੂਰ ਵਰਤੇ ਜਾਣ। ਡਾ. ਬਲਬੀਰ ਸਿੰਘਨੇ ਕਿਹਾ ਕਿ ਇਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਬਜ਼ੁਰਗਾਂ ਤੇ ਗੰਭੀਰ ਬੀਮਾਰੀਆਂ ਵਾਲਿਆਂ ਨੂੰ ਵੈਸੇ ਵੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਭੀਡ਼-ਭਾਡ਼ ਵਾਲੀਆਂ ਥਾਵਾਂ ’ਚ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜੇਕਰ ਕਿਸੇ ਨੂੰ ਜੁਕਾਮ ਹੈ ਤਾਂ ਉਹ ਨੱਕ ਮੂੰਹ ਢੱਕ ਕੇ ਰੱਖੇ ਅਤੇ ਹੱਥ ਧੋਹ ਕੇ ਹੀ ਨੱਕ ਨੂੰ ਲਗਾਵੇ।

ਡਾ. ਬਲਬੀਰ ਸਿੰਘ ਨੇ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਪਿੰ੍ਰਸੀਪਲ ਡਾ. ਰਾਜਨ ਸਿੰਗਲਾ, ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਗਿਰੀਸ਼ ਸਾਹਨੀ ਅਤੇ ਡਾ. ਆਰ. ਪੀ. ਐੱਸ. ਸਿਬੀਆ ਸਮੇਤ ਹੋਰ ਸਿਹਤ ਅਮਲੇ ਨਾਲ ਬੈਠਕ ਕਰ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਕੌਂਸਲਰ ਜਸਬੀਰ ਸਿੰਘ ਗਾਂਧੀ ਵੀ ਮੌਜੂਦ ਸਨ।

Leave a Reply

Your email address will not be published. Required fields are marked *